-ਜਗਤਾਰ ਸਿੰਘ ਸਿੱਧੂ (ਐਡੀਟਰ);
ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣ ਗਏ ਹਨ। ਜਿਸ ਤਰੀਕੇ ਨਾਲ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਈਆਂ ਗਈਆਂ ਰੋਕਾਂ ਨੂੰ ਪਾਰ ਕਰਕੇ ਪਾਰਟੀ ਦੇ ਪ੍ਰਧਾਨ ਬਣੇ ਹਨ ਉਸ ਨਾਲ ਇਹ ਸੁਨੇਹਾ ਵੀ ਗਿਆ ਹੈ ਕਿ ਨਵਜੋਤ ਸਿੱਧੂ ਇਸ ਜਦੋਜਹਿਦ ਵਿਚੋਂ ਇਕ ਮਜ਼ਬੂਤ ਨੇਤਾ ਵਜੋਂ ਉਭਰ ਕੇ ਸਾਹਮਣੇ ਆਏ ਹਨ। ਉਨ੍ਹਾਂ ਦੀ ਸਾਫ ਸੁਥਰੇ ਨੇਤਾ ਵੱਜੋਂ ਪੰਜਾਬੀਆਂ ਵਿਚ ਪਹਿਚਾਣ ਤਾਂ ਪਹਿਲਾਂ ਹੀ ਸੀ ਪਰ ਹੁਣ ਇਸ ਉੱਪਰ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਮੋਹਰ ਲਗਾ ਦਿਤੀ ਹੈ। ਇਸ ਨਾਲ ਕਾਂਗਰਸ ਪਾਰਟੀ ਦੇ ਹਮਾਇਤੀਆਂ ਅਤੇ ਵਰਕਰਾਂ ਅੰਦਰ ਵੀ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਕ੍ਰਿਕਟਰ ਵਜੋਂ ਆਪਣੀ ਧਾਕ ਜਮਾਉਣ ਤੋਂ ਬਾਅਦ ਰਾਜਨੀਤੀ ਵਿਚ ਤੇਜ਼ੀ ਨਾਲ ਸਿੱਧੂ ਉੱਭਰੇ ਹਨ। ਇਹ ਵੀ ਕਹਿਣਾ ਸਹੀ ਹੋਏਗਾ ਕਿ ਪੰਜਾਬ ਕਾਂਗਰਸ ਦੀ ਕਮਾਂਡ ਹਨ ਨਵੀਂ ਪੀੜੀ ਦੇ ਹੱਥ ਆ ਗਈ ਹੈ। ਹਾਲਾਂਕਿ ਸੁਨੀਲ ਜਾਖੜ ਵੀ ਆਪਣਾ ਮਜ਼ਬੂਤ ਰਾਜਸੀ ਪਿਛੋਕੜ ਅਤੇ ਪਛਾਣ ਰੱਖਦੇ ਹਨ ਪਰ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਦਾ ਜਥੇਬੰਦਕ ਢਾਂਚਾ ਭੰਗ ਹੋਇਆ ਪਿਆ ਸੀ ਅਤੇ ਉਹ ਕੰਮ ਚਲਾਊ ਪ੍ਰਧਾਨ ਵਜੋਂ ਦੀ ਜਿੰਮੇਵਾਰੀ ਨਿਭਾ ਰਹੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਧਾਰਨਾ ਪੱਕੀ ਬਣ ਗਈ ਸੀ ਕਿ ਉਹ ਆਮ ਲੋਕਾਂ ਜਾਂ ਪਾਰਟੀ ਵਰਕਰਾਂ ਨਾਲ ਮੁਲਾਕਾਤ ਨਹੀਂ ਕਰਦੇ। ਇਸ ਕਰਕੇ ਹੇਠਲੀ ਪੱਧਰ ‘ਤੇ ਕਾਂਗਰਸੀ ਵਰਕਰਾਂ ਵਿਚ ਨਿਰਾਸ਼ਾ ਦਾ ਮਾਹੌਲ ਸੀ। ਸਿੱਧੂ ਨੇ ਪ੍ਰਧਾਨਗੀ ਸੰਭਾਲਦਿਆ ਹੀ ਪਾਰਟੀ ਦੇ ਆਗੂਆਂ, ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਵਰਕਰਾਂ ਨਾਲ ਮੁਲਾਕਾਤਾਂ ਸ਼ੁਰੂ ਕਰ ਦਿਤੀਆਂ ਹਨ। ਇਸ ਨਾਲ ਪਾਰਟੀ ਅੰਦਰ ਇਕ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਿੱਧੂ ਵਲੋਂ ਜਾਰੀ ਕੀਤੇ ਪ੍ਰਧਾਨਗੀ ਵਾਲੇ ਪਹਿਲੇ ਟਵੀਟ ਵਿਚ ਕਿਹਾ ਗਿਆ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚਲਣਗੇ। ਬੇਸ਼ਕ ਸਿੱਧੂ ਨੂੰ ਪ੍ਰਧਾਨ ਬਨਾਉਣ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਕਾਰਨ ਰੇੜਕਾ ਵਧਿਆ ਆ ਰਿਹਾ ਸੀ ਪਰ ਪਾਰਟੀ ਹਾਈ ਕਮਾਂਡ ਦੇ ਬਿਆਨਾਂ ਨੂੰ ਸਮਝਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਿੱਧੂ ਨੂੰ ਪ੍ਰਧਾਨ ਬਨਾਉਣ ਦਾ ਮਨ ਪਾਰਟੀ ਹਾਈ ਕਮਾਂਡ ਨੇ ਪਹਿਲਾਂ ਹੀ ਬਣਾ ਲਿਆ ਸੀ।
ਮੈਂ ਪਾਠਕਾਂ ਦੇ ਧਿਆਨ ਵਿਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੀ ਕੀਤੀ ਪਹਿਲੀ ਮੁਲਾਕਾਤ ਚੇਤੇ ਕਰਵਾ ਰਿਹਾ ਹਾਂ। ਉਸ ਮੁਲਾਕਾਤ ਵਿਚ ਹੀ ਹਰੀਸ਼ ਰਾਵਤ ਨੇ ਕਹਿ ਦਿਤਾ ਸੀ ਕਿ-ਸਿੱਧੂ ਪੰਜਾਬੀਆਂ ਦੇ ਮਨਪਸੰਦ ਨੇਤਾ ਹਨ ਅਤੇ ਉਨ੍ਹਾਂ ਨੂੰ ਪਾਰਟੀ ਅੰਦਰ ਬਣਦੀ ਜਿੰਮੇਵਾਰੀ ਦਿੱਤੀ ਜਾਵੇਗੀ। ਇਸ ਗੱਲ ਦਾ ਵੀ ਨੋਟਿਸ ਲੈਣਾ ਬਣਦਾ ਹੈ ਕਿ ਕੈਪਟਨ ਦੇ ਵਿਰੋਧ ਦੇ ਬਾਵਜੂਦ ਹਾਈ ਕਮਾਂਡ ਨੇ ਬੀਤੇ ਐਤਵਾਰ ਸ਼ਾਮੀ ਦੇਰ ਨਾਲ ਸਿੱਧੂ ਨੂੰ ਪ੍ਰਧਾਨ ਬਨਾਉਣ ਦਾ ਬਕਾਇਦਾ ਐਲਾਨ ਕਰ ਦਿੱਤਾ। ਉਨ੍ਹਾਂ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਸ਼ਾਮਲ ਹਨ। ਗੋਇਲ ਫਰੀਦਕੋਟ ਦੇ ਟਕਸਾਲੀ ਕਾਂਗਰਸੀ ਨੇਤਾ ਲਾਲਾ ਭਗਵਾਨ ਦਾਸ ਦੇ ਬੇਟੇ ਹਨ।
ਇਹ ਨਿਯੁਕਤੀਆਂ ਇਹ ਵੀ ਦਸਦੀਆਂ ਹਨ ਕਿ-ਕਾਂਗਰਸ ਅੰਦਰ ਨੌਜਵਾਨ ਪੀੜੀ ਅੱਗੇ ਆ ਰਹੀ ਹੈ।ਨਵਜੋਤ ਸਿੱਧੂ ਲਈ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੱਲਣ ਦਾ ਵੱਡਾ ਸਵਾਲ ਹੈ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਸਰਕਾਰ ਦੇ ਫੈਸਲੇ ਉਨ੍ਹਾਂ ਦੀ ਅਗਵਾਈ ਹੇਠ ਲਏ ਜਾਂਦੇ ਹਨ। ਕੇਂਦਰੀ ਲੀਡਰਸ਼ਿਪ ਵਲੋਂ ਦਿੱਤੇ 18 ਨੁਕਾਤੀ ਪ੍ਰੋਗਰਾਮ ਨੂੰ ਮਿਥੇ ਸਮੇਂ ਵਿਚ ਕਿਵੇਂ ਅਮਲ ਵਿਚ ਲਿਆਦਾਂ ਜਾਵੇਗਾ। ਇਨ੍ਹਾਂ ਮਾਮਲਿਆਂ ਵਿਚ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਵਰਗੇ ਵੱਡੇ ਮੁੱਦੇ ਵੀ ਸ਼ਾਮਲ ਹਨ। ਇਹ ਵੀ ਵੇਖਿਆ ਜਾਵੇਗਾ ਕਿ ਕੈਪਟਨ ਆਉਣ ਵਾਲੇ ਦਿਨ ਵਿਚ ਕਿਹੋ ਜਿਹੀ ਰਾਜਸੀ ਸਰਗਰਮ ਭੂਮਿਕਾ ਨਿਭਾਉਦੇ ਹਨ। ਇਸ ਬਾਰੇ ਕਸੀਦੇ ਦੀਆਂ ਤੰਦਾ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ਨਾਲ ਜੂੜੀਆਂ ਹੋਈਆ ਹਨ ਅਤੇ ਇਸ ਦੀ ਵੱਡੀ ਜਿੰਮੇਵਾਰੀ ਹੁਣ ਸਿੱਧੂ ਦੇ ਮੋਢਿਆਂ ‘ਤੇ ਆ ਗਈ ਹੈ। ਨਵਜੋਤ ਸਿੱਧੂ ਚੰਡੀਗੜ੍ਹ ਅਤੇ ਪਟਿਆਲਾ ਵਿਚ ਪਾਰਟੀ ਆਗੂਆਂ ਨਾਲ ਮੁਲਾਕਾਤਾਂ ਕਰ ਕੇ ਮੰਗਲਵਾਰ ਨੂੰ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਰਧਾ ਦੇ ਫੁੱਲ ਭੇਟ ਕਰਕੇ ਗੁਰੂ ਦੀ ਨਗਰੀ ਅੰਮ੍ਰਿਤਸਰ ਪੁੱਜ ਸਕੇ ਹਨ। ਇਹ ਸਵਾਲ ਅਜੇ ਬਣਿਆ ਹੋਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਿਸ ਦਿਨ ਹੋਵੇਗੀ?
ਸੰਪਰਕ: 9814002186