ਚੰਡੀਗੜ੍ਹ: ਪੰਜਾਬ ਕਾਂਗਰਸ 11 ਫਰਵਰੀ 2021 ਨੂੰ ਮੋਦੀ ਸਰਕਾਰ ਵੱਲੋਂ ਲਗਾਤਾਰ ਪਟਰੋਲ ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਖਿਲਾਫ ਹਰੇਕ ਸ਼ਹਿਰ ਵਿਚ ਰੋਸ਼ ਧਰਨੇ/ਰੋਸ਼ ਮਾਰਚ ਕਰੇਗੀ।ਇਹ ਰੋਸ਼ ਪ੍ਰਦਰਸ਼ਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੋਣਗੇ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਪ੍ਰੈਸ ਬਿਆਨ ਵਿਚ ਦਿੱਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਪ੍ਰੇਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਅੜੀਅਲ ਰਵਈਏ ਰਾਹੀਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਅੰਦੋਲਣ ਕਰਨ ਲਈ ਮਜਬੂਰ ਕੀਤਾ ਹੋਇਆ ਹੈ ਉਥੇ ਹੀ ਇਹ ਸਰਕਾਰ ਲਗਾਤਾਰ ਡੀਜਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ ਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ 2014 ਵਿਚ ਜਦ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਨੇ ਸਰਕਾਰ ਛੱਡੀ ਸੀ ਤਾਂ ਗੈਸ ਸਿਲੰਡਰ ਦੀ ਕੀਮਤ 438 ਰੁਪਏ ਸੀ ਜਦ ਕਿ ਹੁਣ ਇਹ ਕੀਮਤ 750 ਨੂੰ ਪਾਰ ਕਰ ਚੁੱਕੀ ਹੈ। ਇਸੇ ਤਰਾਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਦਾ ਹਾਲ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਉਨ੍ਹਾਂ ਹਲਾਤਾਂ ਵਿਚ ਹੋ ਰਿਹਾ ਹੈ ਜਿੰਨ੍ਹਾਂ ਵਿਚ 2014 ਦੇ ਮੁਕਾਬਲੇ ਕੱਚੇ ਤੇਲ ਦੀਆਂ ਕੀਮਤਾਂ ਅੱਧ ਦੇ ਆਸਪਾਸ ਹਨ। ਉਨ੍ਹਾਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਕਮੀ ਆਉਣੀ ਚਾਹੀਦੀ ਸੀ ਪਰ ਮੋਦੀ ਸਰਕਾਰ ਲਗਾਤਾਰ ਕੀਮਤਾ ਵਿਚ ਵਾਧਾ ਕਰ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸੇ ਲਈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਸ ਮੁੱਦੇ ਤੇ ਲੋਕਾਂ ਦੀ ਅਵਾਜ ਬੁਲੰਦ ਕਰਨ ਲਈ ਪਾਰਟੀ ਵੱਲੋਂ 11 ਫਰਵਰੀ ਨੂੰ ਰਾਜ ਦੇ ਹਰੇਕ ਸ਼ਹਿਰ ਵਿਚ ਕੇਂਦਰ ਸਰਕਾਰ ਖਿਲਾਫ ਰੋਸ਼ ਧਰਨੇ, ਰੋਸ਼ ਮਾਰਚ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਅਬੋਹਰ ਵਿਖੇ ਰਾਜ ਪੱਧਰੀ ਧਰਨੇ ਦੀ ਅਗਵਾਈ ਕਰਣਗੇ।