ਖੇਤੀ ‘ਵਰਸਟੀ ਨੇ ਖੇਤੀ ਅਤੇ ਭੋਜਨ ਉਤਪਾਦਾਂ ਦੇ ਮੰਡੀਕਰਨ ਬਾਰੇ ਸਿਖਲਾਈ ਦਿੱਤੀ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਬੀਤੇ ਦਿਨੀਂ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਗਾਇਆ ਗਿਆ। ਇਸ ਦਾ ਵਿਸ਼ਾ ਖੇਤੀ ਅਤੇ ਭੋਜਨ ਉਤਪਾਦਾਂ ਦੇ ਮੰਡੀਕਰਨ ਬਾਰੇ ਜਾਣਕਾਰੀ ਦੇਣਾ ਸੀ। ਇਸ ਕੋਰਸ ਵਿੱਚ ਨੌਕਰੀ ਕਰ ਰਹੇ 18 ਅਧਿਕਾਰੀ ਸ਼ਾਮਿਲ ਹੋਏ ਜਿਨਾਂ ਵਿੱਚ ਬਾਗਬਾਨੀ ਅਤੇ ਖੇਤੀ ਵਿਕਾਸ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਸ਼ਾਮਿਲ ਸਨ।

ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਮੰਡੀਕਰਨ ਦਾ ਵਿਕਸਿਤ ਅਤੇ ਸੁਧਰਿਆ ਹੋਇਆ ਰੂਪ ਖੇਤੀ ਅਤੇ ਉਦਯੋਗ ਵਿੱਚ ਸਾਂਝ ਲਈ ਸਹਾਈ ਹੋਵੇਗਾ ਅਤੇ ਇਸ ਨਾਲ ਆਰਥਿਕਤਾ ਵਿੱਚ ਵਾਧਾ ਹੋਵੇਗਾ।

ਕੋਰਸ ਕੋਆਰਡੀਨੇਟਰ ਡਾ. ਕਿਰਨ ਗਰੋਵਰ ਨੇ ਉਤਪਾਦਨ ਤੋਂ ਬਾਅਦ ਉਤਪਾਦ ਤਿਆਰ ਕਰਨ ਵੱਲ ਪਸਾਰ ਅਧਿਕਾਰੀਆਂ ਨੂੰ ਧਿਆਨ ਸੇਧਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰ, ਗਾਹਕਾਂ ਦੀ ਮੰਗ, ਮੰਡੀ ਸੂਚ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ।

ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਡਾ. ਖੁਸ਼ਦੀਪ ਧਰਨੀ ਨੇ ਕਿਸਾਨਾਂ ਨੂੰ ਗਾਹਕਾਂ ਨਾਲ ਨੇੜਲੇ ਸੰਬੰਧ ਬਣਾ ਕੇ ਖੇਤੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਇਸ ਨਾਲ ਉਤਪਾਦਾਂ ਦਾ ਮੰਡੀਕਰਨ ਵਧੇਰੇ ਪ੍ਰਭਾਵਸ਼ਾਲੀ ਹੋ ਸਕੇਗਾ। ਉਹਨਾਂ ਨੇ ਲੇਬਲਿੰਗ ਰਾਹੀਂ ਉਤਪਾਦਾਂ ਦੀ ਵਿਕਰੀ ਵਿੱਚ ਸੁਧਾਰ ਬਾਰੇ ਪ੍ਰਦਰਸ਼ਨ ਵੀ ਕੀਤਾ।

- Advertisement -

ਡਾ. ਰਮਨਦੀਪ ਸਿੰਘ ਨੇ ਉਤਪਾਦਾਂ ਦੇ ਵਿਕਾਸ ਅਤੇ ਮੰਡੀਕਰਨ ਲਈ ਸਹੀ ਪੈਕਿੰਗ ਵੱਲ ਧਿਆਨ ਦੁਆਇਆ। ਉਹਨਾਂ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਕਲੱਬਾਂ ਨਾਲ ਜੋੜ ਕੇ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਕਾਮਯਾਬ ਖੇਤੀ ਕਾਰੋਬਾਰੀ ਬਣ ਸਕਣ। ਡਾ. ਐੱਲ ਐੱਮ ਕਥੂਰੀਆ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਬਾਰੇ ਸਰਕਾਰੀ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਅੰਤ ਵਿੱਚ ਡਾ. ਕਿਰਨ ਗਰੋਵਰ ਨੇ ਸਭ ਦਾ ਧੰਨਵਾਦ ਕੀਤਾ।

Share this Article
Leave a comment