ਕਾਂਗਰਸੀ ਸ਼ੇਅਰ ਕਰਨਗੇ ‘ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ ?’
ਚੰਡੀਗੜ੍ਹ : ਕੋਰੋਨਾ ਵੈਕਸੀਨ ਬਾਰੇ ਕੇਂਦਰ ਸਰਕਾਰ ਤੇ ਕਾਂਗਰਸ ਦਾ ‘ਪੋਸਟਰ ਹਮਲਾ’ ਆਉਂਦੇ ਦਿਨਾਂ ਵਿੱਚ ਇੱਕ ਵੱਡਾ ਮੁੱਦਾ ਬਣਨ ਜਾ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਖੇ ਵੈਕਸੀਨ ਬਾਰੇ ਪੋਸਟਰ ਲਗਾਉਣ ਵਾਲੇ ਕਾਂਗਰਸੀਆਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ, ਇਸ ਦੇ ਵਿਰੋਧ ਵਿੱਚ ਉਨ੍ਹਾਂ ਟਵਿੱਟਰ ਤੇ ਉਹੀ ਪੋਸਟਰ ਸ਼ੇਅਰ ਕੀਤਾ ਅਤੇ ਕੇਂਦਰ ਸਰਕਾਰ ਨੂੰ ਚੈਲੰਜ ਕਰਦਿਆਂ ਲਿਖਿਆ, “ਮੈਨੂੰ ਵੀ ਗ੍ਰਿਫ਼ਤਾਰ ਕਰੋ” ।
Arrest me too.
मुझे भी गिरफ़्तार करो। pic.twitter.com/eZWp2NYysZ
— Rahul Gandhi (@RahulGandhi) May 16, 2021
ਉਧਰ ਪੰਜਾਬ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਖ਼ਿਲਾਫ਼ ਵੈਕਸੀਨ ਮੁੱਦੇ ਬਾਰੇ ਸੋਸ਼ਲ ਮੀਡੀਆ ‘ਤੇ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ।
ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਦੇ ਮੁਕਾਬਲੇ ਪੱਖੋਂ ਨਾਕਾਮ ਸਾਬਿਤ ਹੋਈ ਹੈ। ਕੇਂਦਰ ਸਰਕਾਰ ਨੇ ਸਮਾਂ ਰਹਿੰਦੇ ਕੋਈ ਇੰਤਜ਼ਾਮ ਨਹੀਂ ਕੀਤੇ ਸਨ ਬਲਕਿ ਵੈਕਸੀਨ ਵਿਦੇਸ਼ਾਂ ਨੂੰ ਭੇਜਦੇ ਰਹੇ। ਹੁਣ ਜਦੋਂ ਲੋਕ ਸੱਚ ਦਾ ਪ੍ਰਗਟਾਵਾ ਕਰ ਰਹੇ ਹਨ ਜਾਂ ਜਿਹੜੇ ਲੋਕ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਖਿਲਾਫ ਐੱਫਆਈਆਰ ਦਰਜ ਕਰ ਕੇ ਗਿ੍ਫਤਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਇਸ ਦਮਨ ਵਿਰੁੱਧ ਸੋਸ਼ਲ ਮੀਡੀਆ ‘ਤੇ ਮੁਹਿੰਮ ਵਿੱਢ ਰਹੀ ਹੈ ਤਾਂ ਜੋ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਕੇਂਦਰ ਸਰਕਾਰ ਦੇ ਕੰਨਾਂ ਤਕ ਲੋਕਾਂ ਦਾ ਦਰਦ ਪੁੱਜਦਾ ਕੀਤਾ ਜਾ ਸਕੇ। ਜਾਖੜ ਨੇ ਕਿਹਾ ਕਿ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਨਾਲ ਪੁਲਿਸ ਨੇ ਗ਼ਲਤ ਸਲੂਕ ਕੀਤਾ। ਇਸੇ ਤਰ੍ਹਾਂ ਦਿੱਲੀ ਵਿਚ ਜਦੋਂ ਲੋਕਾਂ ਨੇ ‘ਮੋਦੀ ਜੀ, ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ’ ਦੇ ਪੋਸਟਰ ਲਾਏ ਤਾਂ ਦਿੱਲੀ ਪੁਲਿਸ ਨੇ ਲੋਕਾਂ ‘ਤੇ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਖਾਤਰ ਆਵਾਜ਼ ਬੁਲੰਦ ਕਰ ਕੇ ਕੇਂਦਰ ਸਰਕਾਰ ਦੇ ਜਬਰ ਦੀ ਨਿਖੇਧੀ ਕੀਤੀ ਹੈ। ਇਸ ਸਬੰਧੀ ਪਾਰਟੀ ਦੇ ਸਾਰੇ ਵਿਧਾਇਕਾਂ, ਐੱਮਪੀਜ਼, ਜ਼ਿਲ੍ਹਾ ਤੇ ਬਲਾਕ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ‘ਮੋਦੀ ਜੀ, ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ’ ਅਤੇ ‘ਮੈਨੂੰ ਵੀ ਗਿ੍ਫ਼ਤਾਰ ਕਰੋ’ ਦੇ ਸੁਨੇਹੇ ਸ਼ੋਸਲ ਮੀਡੀਆ ‘ਤੇ ਪਾਉਣ।
ਪੰਜਾਬ ਕਾਂਗਰਸ ਵੱਲੋਂ ਇਸ ਸਬੰਧ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਰਾਹੁਲ ਗਾਂਧੀ ਦੀ ਤਰ੍ਹਾ, “ਸਾਡੇ ਬੱਚਿਆਂ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ?” ਵਾਲਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ।