ਨਵੀਂ ਦਿੱਲੀ(ਦਵਿੰਦਰ ਸਿੰਘ) : ਇੰਡੀਅਨ ਯੂਥ ਕਾਂਗਰਸ ਨੇ ਅੱਜ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੈਗਾਸਸ ਦੀ ਜਾਸੂਸੀ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਰੁਜ਼ਗਾਰ ਹੈ ਪਰ ਪੀਐਮ ਮੋਦੀ ਰੁਜ਼ਗਾਰ ਦੇ ਮੁੱਦੇ ‘ਤੇ ਕੁਝ ਨਹੀਂ ਬੋਲਦੇ। ਉਨ੍ਹਾਂ ਅੱਗੇ ਕਿਹਾ ਕਿ ਪੀਐਮ ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਇਸਦੇ ਉਲਟ, ਲੱਖਾਂ ਕਰੋੜਾਂ ਨੌਜਵਾਨਾਂ ਦੀਆਂ ਨੌਕਰੀਆਂ ਖੋਹ ਲਈਆਂ ਗਈਆਂ।
ਰਾਹੁਲ ਗਾਂਧੀ ਨੇ ਕਿਹਾ, ‘ਨਰਿੰਦਰ ਮੋਦੀ ਦਾ ਕੰਮ ਭਾਰਤ ਦੀ ਸੱਚਾਈ ਨੂੰ ਦਬਾਉਣਾ ਹੈ, ਇਹੀ ਉਨ੍ਹਾਂ ਦਾ ਕੰਮ ਹੈ। ਉਹ ਇਹ ਕੰਮ ਭਾਰਤ ਦੇ ਦੋ-ਤਿੰਨ ਉਦਯੋਗਪਤੀਆਂ ਲਈ ਕਰਦਾ ਹੈ।’ ਉਨ੍ਹਾਂ ਅੱਗੇ ਕਿਹਾ, ‘ਕੀ ਭਾਰਤ ਸਰਕਾਰ ਰੁਜ਼ਗਾਰ ਦੀ ਗੱਲ ਕਰਨ ਦੀ ਇਜਾਜ਼ਤ ਦਿੰਦੀ ਹੈ? ਕੀ ਭਾਰਤ ਸਰਕਾਰ ਕਿਸਾਨਾਂ ਬਾਰੇ ਗੱਲ ਕਰਦੀ ਹੈ? ਹੁਣੇ-ਹੁਣੇ ਦਿੱਲੀ ਵਿੱਚ ਇੱਕ ਛੋਟੀ ਬੱਚੀ ਨਾਲ ਬਲਾਤਕਾਰ ਹੋਇਆ, ਫਿਰ ਉਸਦੀ ਹੱਤਿਆ ਕਰ ਦਿੱਤੀ ਗਈ,ਪਰ ਕੀ ਤੁਸੀਂ ਇਹ ਖ਼ਬਰ ਮੀਡੀਆ ਵਿੱਚ ਕਿਤੇ ਵੇਖੀ ਹੈ? ਉਨ੍ਹਾਂ ਦਾ ਟੀਚਾ ਭਾਰਤ ਦੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਜਿਸ ਦਿਨ ਭਾਰਤ ਦੇ ਨੌਜਵਾਨ ਸੱਚ ਬੋਲਣਾ ਸ਼ੁਰੂ ਕਰ ਦੇਣਗੇ, ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਖ਼ਤਮ ਹੋ ਜਾਵੇਗੀ।’