ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

TeamGlobalPunjab
2 Min Read

ਫ਼ਿਰੋਜ਼ਪੁਰ : ਪੰਜਾਬ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਜ਼ਿਲ੍ਹਾ ਫਿਰੋਜ਼ਪੁੁਰ ਦੇ ਹਲਕਾ ਜ਼ੀਰਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕੋਰੋਨਾ ਰਿਪੋਰਟ ਨਾਕਾਰਾਤਮਕ ਆਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹਲਕਾ ਨਿਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਦੱਸ ਦਈਏ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ 26 ਅਪ੍ਰੈਲ ਨੂੰ ਨੰਦੇੜ ਸਾਹਿਬ ਤੋਂ ਪੰਜਾਬ ਵਾਪਸ ਪਰਤੇ 49 ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਮੁੱਦਕੀ-ਤਲਵੰਡੀ ਭਾਈ ਟੋਲ ਪਲਾਜ਼ਾ ‘ਤੇ ਪਹੁੰਚੇ ਸਨ। ਜਿਸ ਦੌਰਾਨ ਸ਼ਰਧਾਲੂਆਂ ਦੇ ਜਥੇ ਵੱਲੋਂ ਕੁਲਬੀਰ ਸਿੰਘ ਜ਼ੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ।

ਸਿਹਤ ਵਿਭਾਗ ਵੱਲੋਂ ਉਕਤ ਜਥੇ ਦੇ 49 ਸ਼ਰਧਾਲੂਆਂ ਵਿਚੋਂ 9 ਦੇ ਪਾਜ਼ਟਿਵ ਪਾਏ ਜਾਣ ਬਾਅਦ  ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਕੋਰੋਨਾ ਟੈਸਟ ਕੀਤਾ ਸੀ ਤੇ ਉਨ੍ਹਾਂ ਨੂੰ  1 ਮਈ ਤੋਂ 14 ਦਿਨਾਂ ਤੱਕ ਇਕਾਂਤਵਾਸ ‘ਚ ਰਹਿਣ ਦੀ ਸਲਾਹ ਦਿੱਤੀ ਸੀ। ਵਿਧਾਇਕ ਜ਼ੀਰਾਂ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਪਾਈ ਗਈ ਹੈ। ਦੱਸ ਦਈਏ ਕਿ ਸਿਹਤ ਅਧਿਕਾਰੀਆਂ ਨੇ ਵਿਧਾਇਕ ਜ਼ੀਰਾ ਨੂੰ 14 ਦਿਨ ਹੋਰ ਇਕਾਂਤਵਾਸ ‘ਚ ਰਹਿਣਾ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ‘ਚ ਅੱਜ ਕੋਰੋਨਾ ਦੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਫਿਰੋਜ਼ਪੁਰ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ। ਜਿਸ ‘ਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਮਰੀਜ਼ ਠੀਕ ਹੋ ਕੇ ਘਰ ਵਾਪਸ ਜਾ ਚੁੱਕਾ ਹੈ। ਪੰਜਾਬ ਸੂਬੇ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ 1232 ਤੱਕ ਪੁੱਜ ਗਈ ਹੈ। ਜਿਸ ‘ਚੋਂ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment