ਅੱਤਵਾਦੀ ਹਮਲੇ ਨੂੰ ਚੰਨੀ ਨੇ ਦੱਸਿਆ ਭਾਜਪਾ ਦਾ ਸਟੰਟ, ਕਿਹਾ ‘ਇਹ ਕੋਈ ਹਮਲਾ ਨਹੀ ਬਲਕਿ ਭਾਜਪਾ ਦੀ ਚਾਲ’

Prabhjot Kaur
3 Min Read

ਚੰਡੀਗੜ੍ਹ: ਚੋਣਾ ਸਮੇਂ ਇੱਕ ਦੂਜੇ ਖਿਲਾਫ਼ ਸਿਆਸਤਦਾਨਾਂ ਵਲੋ ਕੀਤੀਆਂ ਜਾ ਰਹੀਆਂ ਬਿਆਨਬਾਜੀਆਂ ਕਾਰਨ ਸਿਆਸਤ ਗਰਮਾਈ ਹੋਈ ਹੈ । ਇਸੇ ਦਰਮਿਆਨ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੇ ਸਿਆਸੀ ਪਾਰਾ ਹੋਰ ਉਛਾਲ ਦਿੱਤਾ ਹੈ । ਦਰਅਸਲ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਭਾਰਤੀ ਹਵਾਈ ਫੌਜ ਦੀ ਗੱਡੀ ‘ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਚੰਨੀ ਵਲੋਂ ਸਟੰਟ ਦੱਸਿਆ ਗਿਆ ਹੈ। ਉਨ੍ਹਾ ਕਿਹਾ ਕਿ, “ਇਹ ਸਟੰਟ ਹਨ, ਹਮਲੇ ਨਹੀਂ ਹੋ ਰਹੇ ਹਨ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਭਾਜਪਾ ਨੂੰ ਜਿਤਾਉਣ ਲਈ। ਅਜਿਹੇ ਸਟੰਟ ਖੇਡੇ ਜਾਂਦੇ ਹਨ ਅਤੇ ਭਾਜਪਾ ਨੂੰ ਜਿਤਾਉਣ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਹਮਲੇ ਤਿਆਰ ਕਰਕੇ ਕੀਤੇ ਜਾਂਦੇ ਹਨ, ਇਹ ਭਾਜਪਾ ਨੂੰ ਜਿਤਾਉਣ ਦਾ ਸਟੰਟ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਮਾਰ ਕੇ ਲਾਸ਼ਾਂ ਨਾਲ ਖੇਡਣਾ ਜਾਣਦੀ ਹੈ।

ਇਸ ਮੌਕੇ ਝਗੜੇ ‘ਚ ਕਿਸਾਨ ਦੀ ਮੌਤ ‘ਤੇ ਵੀ ਟਿੱਪਣੀ ਕੀਤੀ । ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ‘ਚ ਕਿਸਾਨਾਂ ਨੂੰ ਦਬਾ ਕੇ ਦੇਸ਼ ਅਤੇ ਸੂਬੇ ਦੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ। ਚੰਨੀ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਜੇਕਰ ਅਸੀਂ ਕਿਸਾਨਾਂ ਅਤੇ ਖੇਤੀ ਨੂੰ ਤਬਾਹ ਕੀਤਾ ਤਾਂ ਕਿਸਾਨ ਡੁੱਬ ਜਾਣਗੇ ਅਤੇ ਉਹ ਪੰਜਾਬ ਨੂੰ ਡੁਬਾਉਣਾ ਹੀ ਚਾਹੁੰਦੇ ਹਨ।

ਉਧਰ ਦੂਜੇ ਪਾਸੇ ਅਨੁਰਾਗ ਠਾਕੁਰ ਦੀ ਅਗਵਾਈ ‘ਚ ਪੰਜਾਬ ਅੰਦਰ ਪਰਿਵਾਰਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੇ ਵੀ ਉਨ੍ਹਾ ਤੰਜ ਕਸਿਆ। ਚੰਨੀ ਨੇ ਕਿਹਾ ਕਿ ਇਹ ਇਕ ਸਟੰਟ ਹੈ, ਅਨੁਰਾਗ ਠਾਕੁਰ ਆ ਕੇ ਕੁਝ ਲੋਕਾਂ ਨੂੰ ਖੜ੍ਹਾ ਕਰਕੇ ਉਸ ਨੂੰ ਸਿਰੋਪੇ ਪਾ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਲੋਕਾਂ ਨੂੰ ਪੈਸੇ ਦੇ ਕੇ ਵੀ ਖਰੀਦਿਆ ਜਾ ਰਿਹਾ ਹੈ, ਪਰ ਉਹ ਭਾਜਪਾ ਨੂੰ ਵੋਟ ਨਹੀਂ ਪਾਉਣਗੇ ਬਲਕਿ ਕਾਂਗਰਸ ਨੂੰ ਵੋਟ ਪਾਉਣਗੇ।

- Advertisement -

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੰਨੀ ਨੇ ਫੌਜ ਦੇ ਜਵਾਨਾਂ ‘ਤੇ ਹੋਏ ਹਮਲੇ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਟੰਟਿੰਗ ਕਰਾਰ ਦਿੱਤਾ ਹੈ। ਇਸ ਬਿਆਨ ਨਾਲ ਚੰਨੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਲੋਕ ਚੰਨੀ ਨੂੰ ਪੁੱਛਣ ਲੱਗੇ ਹਨ ਕਿ ਕੀ ਫੌਜ ਦੇ ਜਵਾਨ ਦੇਸ਼ ਲਈ ਜਾਨਾਂ ਵਾਰ ਕੇ ਸਟੰਟ ਕਰ ਰਹੇ ਹਨ? ਚੰਨੀ ਦੇ ਇਸ ਬਿਆਨ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਭਾਜਪਾ ਨੇ ਇਸ ਬਿਆਨ ਤੇ ਚੰਨੀ ਨੂੰ ਘੇਰਦਿਆਂ ਕਿਹਾ ਹੈ ਕਿ ਇਹ ਕਾਂਗਰਸ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੀ ਮਾਨਸਿਕਤਾ ਦੇਸ਼ ਵਿਰੋਧੀ ਹੈ। ਦੂਜੇ ਪਾਸੇ ਜਲੰਧਰ ‘ਚ ਔਰਤਾਂ ਨੇ ਇਕ ਵਾਰ ਫਿਰ ਚੰਨੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹੇ ਨੇਤਾਵਾਂ ਤੋਂ ਬਚਣਾ ਚਾਹੀਦਾ ਹੈ, ਜਿਨ੍ਹਾਂ ਦੀ ਨੀਅਤ ਔਰਤਾਂ ਪ੍ਰਤੀ ਚੰਗੀ ਨਹੀਂ ਹੈ।

Share this Article
Leave a comment