ਕਾਂਗਰਸ ਹਾਈਕਮਾਂਡ ਵਲੋਂ ਸਿੱਧੂ ਨੂੰ ਪਹਿਲਾਂ ਹੀ ਹਟਾ ਦੇਣਾ ਚਾਹੀਦਾ ਸੀ – ਰੰਧਾਵਾ

TeamGlobalPunjab
3 Min Read

ਚੰਡੀਗੜ੍ਹ – ਕਾਂਗਰਸ ਪਾਰਟੀ ਦੀ ਵੱਡੀ ਰਾਰ ਤੋਂ ਬਾਅਦ ਇੱਕ ਵਾਰ ਫੇਰ ਤੋਂ ਕਾਂਗਰਸ ਚ ਆਪਸੀ ਤਕਰਾਰ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਕਾਂਗਰਸ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਉਪ ਮੁੱਖਮੰਤਰੀ ਰਹਿ ਚੁੱਕੇ ਸੁਖਜਿੰਦਰ ਰੰਧਾਵਾ ਨੇ ਕਾਂਗਰਸ ਪਾਰਟੀ ਦੀ ਇਨ੍ਹਾਂ ਚੋਣਾਂ ਚ ਹੋਈ ਹਾਰ ਲਈ ਜਿੰਮੇਵਾਰ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਮੰਨਿਆ ਹੈ। ਰੰਧਾਵਾ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਕਿ ਸਿੱਧੂ ਕਾਂਗਰਸ ਦੀ ਬਰਬਾਦੀ ਲਈ ਜਿੰਮੇਵਾਰ ਹੈ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਬਾਰੇ ਕਿਹਾ ਕਿ ਹਾਈਕਮਾਂਡ ਦਾ ਕੈਪਟਨ ਨੂੰ ਹਟਾਉਣ ਦਾ ਫੈਸਲਾ ਬਿਲਕੁਲ ਠੀਕ ਸੀ ਕਿਓਂਕਿ ਕੈਪਟਨ ਪਹਿਲਾਂ ਹੀ ਬੀਜੇਪੀ ਦੇ ਨਾਲ ਚੱਲ ਰਹੇ ਸਨ। ਦੱਸ ਦਈਏ ਕਿ ਕੈਪਟਨ ਵਲੋਂ ਆਪਣੇ ਆਪ ਤੇ ਮੁੱਖਮੰਤਰੀ ਦਫ਼ਤਰ ਨੂੰ ਸਿਸਵਾਂ ਤੱਕ ਸੀਮਤ ਕਰ ਲੈਣ ਨਾਲ ਆਮ ਲੋਕਾਂ ਨਾਲ ਰਾਬਤਾ ਘੱਟ ਗਿਆ ਸੀ ਤੇ ਨੌਕਰਸ਼ਾਹੀ ਦਾ ਹਾਵੀ ਹੋਣਾ ਵੀ ਪਾਰਟੀ ਅੰਦਰ ਬਗਾਵਤ ਦੀ ਵੱਡੀ ਵਜ੍ਹਾ ਕਹੀ ਜਾਂਦੀ ਰਹੀ ਹੈ।

ਰੰਧਾਵਾ ਨੇ ਕਿਹਾ ਕਿ ਮੌਜੁਦਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖਮੰਤਰੀ ਦੇ ਖਿਲਾਫ ਹੀ ਬਿਆਨਬਾਜ਼ੀ ਕੀਤੀ ਤੇ ਵਾਰ ਵਾਰ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਨੇ ਵੀ ਕੋਈ ਵਧੀਆ ਰੋਲ ਨਹੀਂ ਨਿਭਾਇਆ ਤੇ ਬਲਦੀ ਅੱਗ ਚ ਘਿਓ  ਪਾਉਣ ਦਾ ਹੀ ਕੰਮ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਸਿੱਧੂ ਨੇ ਪਾਰਟੀ ਕਲਚਰ ਨਹੀਂ ਸਿੱਖਿਆ ਤੇ ਵਰਕਰਾਂ ਦੀ ਬੇਇੱਜਤੀ ਵੀ ਕੀਤੀ ਤੇ ਵਰਕਰ ਨੂੰ ਵਰਕਰ ਨਹੀਂ ਸਮਝਿਆ।

ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਤੇ ਰਾਹੁਲ ਨੂੰ ਸਿੱਧੂ ਨੂੰ ਉਸ ਸਮੇਂ ਹੀ ਹਟਾ ਦੇਣਾ ਚਾਹੀਦਾ ਸੀ ਜਦੋਂ ਉਹ ਮੁੱਖਮੰਤਰੀ ਦੀ ਖੁੱਲ੍ਹੇ ਤੌਰ ਤੇ ਖਿਲਾਫਤ ਕਰ ਰਹੇ ਸਨ ਤੇ ਵਰਕਰਾਂ ਨਾਲ ਬੇਇੱਜਤੀ ਦੇ ਲਹਿਜ਼ੇ ਚ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਸਿਰਫ 18 ਸੀਟਾਂ ਹੀ ਜਿੱਤੀਆਂ ਹਨ। 2017 ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਨੇ 20 ਤੇ ਕਾਂਗਰਸ ਪਾਰਟੀ ਨੇ 77 ਸੀਟਾਂ ਹਾਸਲ ਕਰਕੇ ਬਹੁਮਤ ਦੀ ਸਰਕਾਰ ਬਣਾਈ ਸੀ। ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਸਨ ਪਰ ਫਿਰ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਪਾਰਟੀ ਚ ਹੋਈ ਬਗਾਵਤ ਵਜੋਂ ਕੈਪਟਨ ਨੂੰ ਅਸਤੀਫ਼ਾ ਦੇਣਾ ਪੈ ਗਿਆ ਸੀ ਤੇ ਚੰਨੀ ਨੇ ਮੁੱਖਮੰਤਰੀ ਦੇ ਤੌਰ ਤੇ ਅਹੁਦਾ ਸੰਭਾਲਿਆ। ਪਰ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਲਗਾਤਾਰ ਜਾਰੀ ਰਿਹਾ ਤੇ ਆਖਰਕਾਰ ਪੰਜਾਬ ਨੂੰ ਚੋਣਾਂ ਚ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ।

- Advertisement -

Share this Article
Leave a comment