ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਨੂੰ ਅੰਜਾਮ ਤੱਕ ਪਹੁੰਚਾਏਗੀ ਕਾਂਗਰਸ ਸਰਕਾਰ- ਸੁਨੀਲ ਜਾਖੜ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸੂਬੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁੱਖਦਾਈ ਘਟਨਾਵਾਂ ਦੀ ਜਾਂਚ ਨੂੰ ਅੰਜਾਮ ਤੱਕ ਜਰੂਰ ਪਹੁੰਚਾਏਗੀ।

ਅੱਜ ਇੱਥੋਂ ਜਾਰੀ ਬਿਆਨ ਵਿਚ ਉਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਮੁੱਖ ਮੰਤਰੀ ਦੀ ਕਾਬਲੀਅਤ ਅਤੇ ਸਮੱਰਥਾ ਤੇ ਸ਼ੱਕ ਨਹੀਂ ਹੋਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਪਹਿਲਾਂ ਜਦ ਅਕਾਲੀ ਦਲ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲ ਸੀ ਤਾਂ ਕੇਂਦਰ ਸਰਕਾਰ ਨੇ ਸੀ.ਬੀ.ਆਈ. ਮਾਰਫ਼ਤ ਇਸ ਕੇਸ ਦੀ ਜਾਂਚ ਨੂੰ ਲਟਕਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਸਨ ਪਰ ਪੰਜਾਬ ਸਰਕਾਰ ਨੇ ਕਾਨੂੰਨੀ ਤਰੀਕੇ ਨਾਲ ਸੀ.ਬੀ.ਆਈ. ਤੋਂ ਫਾਇਲਾਂ ਵਾਪਿਸ ਲੈ ਕੇ ਜਾਂਚ ਨੂੰ ਅੱਗੇ ਵਧਾਇਆ ਸੀ ਅਤੇ ਹੁਣ ਜੋ ਮਾਣਯੋਗ ਹਾਈਕੋਰਟ ਦਾ ਸਿਟ ਸਬੰਧੀ ਨਿਰਣਾ ਆਇਆ ਹੈ, ਇਸ ਨੂੰ ਵੀ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਗੱਲ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਸਪਸ਼ੱਟ ਕਰ ਚੁੱਕੇ ਹਨ ਕਿ ਪੰਥ ਦੇ ਹਿਰਦੇ ਵਲੂੰਧਰ ਵਾਲੀਆਂ ਇੰਨਾਂ ਘਟਨਾਵਾਂ ਦੇ ਜੋ ਵੀ ਦੋਸ਼ੀ ਹੋਣਗੇ ਉਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜੇ ਕਰਕੇ ਸਜਾਵਾਂ ਜਰੂਰ ਦਿਵਾਈਆਂ ਜਾਣਗੀਆਂ।

ਨਾਲ ਹੀ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਹ ਵੀ ਮੰਗ ਰੱਖਣਗੇ ਕਿ ਇਸ ਕੇਸ ਵਿਚ ਅੜਚਣ ਆਉਣ ਲਈ ਜੇਕਰ ਕੋਈ ਜਿੰਮੇਵਾਰ ਹੈ ਤਾਂ ਉਸਦੀ ਵੀ ਪੜਤਾਲ ਕਰਕੇ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਅਜਿਹੇ ਸਖ਼ਸ ਖਿਲਾਫ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਇਕ ਆਮ ਕੇਸ ਨਹੀਂ ਹੈ ਬਲਕਿ ਇਸ ਨਾਲ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਜਾਖੜ ਨੇ ਇਸ ਮੌਕੇ ਇਹ ਵੀ ਕਿਹਾ ਕਿ ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਸਿਟ ਦੀ ਜਾਂਚ ਮੁਕੰਮਲ ਹੋ ਚੁੱਕੀ ਸੀ, ਅਜਿਹੇ ਵਿਚ ਜੇਕਰ ਅੱਗੇ ਅਪੀਲ ਦਾਇਰ ਕਰਨ ਵਿਚ ਕੋਈ ਕਾਨੂੰਨੀ ਅੜਚਣ ਨਾ ਬਣਦੀ ਹੋਵੇ ਤਾਂ ਇਹ ਜਾਂਚ ਰਿਪੋਰਟ ਜਨਤਕ ਕਰ ਦੇਣੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਆਖਿਰ ਇਸ ਸੂਬੇ ਦੇ ਲੋਕਾਂ ਨੂੰ ਤਾਂ ਸੱਚ ਪਤਾ ਲੱਗੇ ਕਿ ਕੌਣ ਲੋਕ ਸਨ ਜਿੰਨਾਂ ਦੀ ਸਹਿ ਤੇ ਹਿਰਦੇ ਵਲੰੂਧਰਨ ਵਾਲੀਆਂ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰੀਆਂ ਸਨ।

- Advertisement -

Share this Article
Leave a comment