ਕਾਂਗਰਸ, ਕੈਪਟਨ ਅਤੇ ਬਾਦਲ ਦੱਸਣ ਕਿ ਕੀ ਗੁਰੂ ਹਰਗੋਬਿੰਦ ਜੀ ਨੇ ਜਹਾਂਗੀਰ ਦੀ ਫੌਜ ‘ਚ ਨੌਕਰੀ ਕੀਤੀ ਸੀ: ਕੁਲਤਾਰ ਸਿੰਘ ਸੰਧਵਾਂ 

TeamGlobalPunjab
5 Min Read

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਨੇ 12ਵੀਂ ਜਮਾਤ ਲਈ ਇਤਿਹਾਸ ਦੀਆਂ ਵਿਵਾਦਿਤ ਕਿਤਾਬਾਂ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਉੱਤੇ ਇਤਿਹਾਸ ਖਾਸ ਕਰ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੱਕ ਵੱਡੀ ਅਤੇ ਗਿਣੀ-ਮਿਥੀ ਸਾਜਿਸ਼ ਨਾਲ ਸਿੱਖ ਇਤਿਹਾਸ, ਸਿੱਖ ਗੁਰੂਆਂ, ਗੁਰੂ ਦੀ ਬਾਣੀ ਸਮੇਤ ਪੰਜਾਬ ਦੀ ਸਰਜਮੀਂ ਅਤੇ ਸ਼ਹੀਦਾਂ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਗ਼ਲਤ ਬਿਆਨੀ ਨਵੀਂ ਪੀੜ੍ਹੀ ਨੂੰ ਪਰੋਸੀ (ਪੜ੍ਹਾਈ) ਜਾ ਰਹੀ ਹੈ, ਪ੍ਰੰਤੂ ਕਾਂਗਰਸ, ਕੈਪਟਨ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਸੱਤਾਧਾਰੀ ਨਿੱਜੀ ਪਬਲੀਕੇਸ਼ਨ ਹਾਊਸਾਂ ਨਾਲ ਮਿਲ ਕੇ ‘ਕਿਤਾਬ ਮਾਫ਼ੀਆ’ ਰਾਹੀਂ ਪੈਸੇ ਕਮਾਉਣ ਤੋਂ ਇਲਾਵਾ ਕੁੱਝ ਨਹੀਂ ਸੋਚ ਰਹੇ, ਇਸੇ ਕਾਰਨ ਹੀ ਬੱਜਰ ਗ਼ਲਤੀਆਂ ਅਤੇ ਗੁਰੂ ਦੀ ਬਾਣੀ ਦੀ ਬੇਅਦਬੀਆਂ ਨਾਲ ਭਰੀ 100 ਰੁਪਏ ਦੀ ਕਿਤਾਬ 400 ਰੁਪਏ ਤੋਂ ਵੱਧ ਮੁੱਲ ‘ਤੇ ਵੇਚੀ ਜਾ ਰਹੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਨਿੱਜੀ ਪਬਲੀਕੇਸ਼ਨਾਂ ਵੱਲੋਂ ਛਾਪੀਆਂ ਗਈਆ ਪ੍ਰੋ, ਮਨਜੀਤ ਸਿੰਘ, ਡਾ. ਏ.ਸੀ. ਅਰੋੜਾ ਅਤੇ ਡਾ. ਐੱਮ.ਐੱਸ. ਮਾਨ ਦੀਆਂ 12ਵੀਂ ਜਮਾਤ ਲਈ ਮੰਜ਼ੂਰ ਕਿਤਾਬਾਂ ਉੱਤੇ ਤੁਰੰਤ ਪਾਬੰਦੀ ਅਤੇ ਸਿਲੇਬਸ ‘ਚੋਂ ਵਾਪਸੀ ਦੀ ਜ਼ੋਰਦਾਰ ਮੰਗ ਕੀਤੀ। ਸੰਧਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸੀਆਂ ਅਤੇ ਅਕਾਲੀ ਦਲ (ਬਾਦਲ) ਦੇ ਸਿਆਸਤਦਾਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਕੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਨੇ ਗਵਾਲੀਅਰ ਕਿਲ੍ਹੇ ‘ਚੋਂ 52 ਰਾਜਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਮੁਗ਼ਲ ਸ਼ਾਸ਼ਕ ਜਹਾਂਗੀਰ ਦੀ ਫੌਜ ‘ਚ ਨੌਕਰੀ ਕੀਤੀ ਸੀ, ਜਿਵੇਂ ਕਿ ਡਾ. ਏ.ਸੀ. ਅਰੋੜਾ ਨੇ ਆਪਣੀ ‘ਪੰਜਾਬ ਦਾ ਇਤਿਹਾਸ’ ਪੁਸਤਕ ਦੇ ਪੰਨਾ ਨੰਬਰ 81 ਉੱਤੇ ਦੱਸਿਆ ਹੈ। ਕੀ ਸੱਤਾਧਾਰੀ ਅਤੇ ਤਥਾ-ਕਥਿਤ ਵਿਦਵਾਨ ਇਸ ਕਥਨ ਨੂੰ ਸਹੀ ਮੰਨਦੇ ਹਨ? ਜੇਕਰ ਨਹੀਂ ਤਾਂ ਅਜਿਹੀਆਂ ਕਿਤਾਬਾਂ ਸਕੂਲੀ ਸਿਲੇਬਸ ਦਾ ਅਜੇ ਤੱਕ ਹਿੱਸਾ ਕਿਉਂ ਹਨ ਅਤੇ ਇਸ ਬਾਰੇ ਉੱਠੇ ਵਿਵਾਦ ‘ਤੇ ਚੁੱਪ ਕਿਉਂ ਹਨ?

ਸੰਧਵਾਂ ਨੇ ਹਵਾਲਾ ਦਿੱਤਾ ਕਿ ਡਾ. ਮਾਨ ਦੀ ਕਿਤਾਬ ‘ਚ ਲਿਖਿਆ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪੰਜਾਬ ਦੇ ਜੱਟਾਂ ਨੇ ਦਬਾਅ ਨਾਲ ਤਲਵਾਰ ਚੁੱਕਣ ਲਈ ਮਜ਼ਬੂਰ ਕੀਤਾ ਸੀ। ਕੀ ਅਜਿਹੀਆਂ ਟਿੱਪਣੀਆਂ ਮੀਰੀ-ਪੀਰੀ ਦੇ ਸੰਕਲਪ ਉੱਤੇ ਸਿੱਧਾ ਹਮਲਾ ਨਹੀਂ ਹਨ? ਕਾਂਗਰਸੀ ਅਤੇ ਅਕਾਲੀ (ਬਾਦਲ) ਇਸ ਬਾਰੇ ਵੀ ਸਪਸ਼ਟੀਕਰਨ ਦੇਣ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸਾ ਪੰਥ ਦੀ ਸਾਜਣਾ ਜੱਟਾਂ ਕਰਕੇ ਕੀਤੇ ਜਾਣ ਦਾ ਹਵਾਲਾ ਦਿੱਤਾ ਹੈ, ਜੋ ਨਾ ਕੇਵਲ ਗ਼ਲਤ ਸਗੋਂ ਨਾ ਬਰਦਾਸ਼ਤ ਕਰਨ ਯੋਗ ਹੈ।

- Advertisement -

ਸੰਧਵਾਂ ਨੇ ਕਿਹਾ ਕਿ ਇੰਨਾ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗਲਤ ਬਿਆਨੀ ਕੀਤੀ ਗਈ ਹੈ ਅਤੇ ਬਾਣੀ ਦੀ ਸ਼ਬਦਾਵਲੀ ਗ਼ਲਤੀਆਂ ਨਾਲ ਭਰੀ ਪਈ ਹੈ, ਜੋ ਨਾ ਕੇਵਲ ਅਰਥ ਦਾ ਅਨਰਥ ਹੈ, ਸਗੋਂ ਗੁਰੂ ਦੀ ਬਾਣੀ ਦੀ ਬੇਅਦਬੀ ਵੀ ਹੈ। ਕੀ ਇਸ ਬਾਰੇ ‘ਪੰਥ ਦੇ ਠੇਕੇਦਾਰ’ ਕਹਾਉਂਦੇ ਬਾਦਲ ਸੰਗਤ ਨੂੰ ਸਪਸ਼ਟ ਕਰਨਗੇ? ਸੰਧਵਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮੁੱਦੇ ‘ਤੇ ਕਿਉਂ ਚੁੱਪ ਧਾਰੀ ਹੋਈ ਹੈ? ਜਦਕਿ ਇਸ ਮਾਮਲੇ ‘ਤੇ ਲਿਖਤ ਸ਼ਿਕਾਇਤਾਂ ਹੋ ਰਹੀਆਂ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹਨਾਂ ਕਿਤਾਬਾਂ ‘ਚ ਸ੍ਰੀ ਗੁਰੂ ਤੇਗ਼ ਬਹਾਦਰ, ਖਾਲਸਾ ਪੰਥ ਅਤੇ ਹੋਰ ਗੁਰੂਆਂ ਅਤੇ ਇਤਿਹਾਸਕ ਤੱਥਾਂ ਸਮੇਤ ਸ਼ਹੀਦ ਊਧਮ ਸਿੰਘ ਵਰਗੇ ਆਜ਼ਾਦੀ ਦੇ ਪਰਵਾਨਿਆਂ ਬਾਰੇ ਵੀ ਊਲ-ਜਲੂਲ ਟਿੱਪਣੀਆਂ ਦਰਜ ਹਨ। ਸੰਧਵਾਂ ਨੇ ਕਿਹਾ ਕਿ ਬਾਲ ਮਨ ਕੋਰੇ ਕਾਗਜ਼ ਵਰਗੇ ਹੁੰਦੇ ਹਨ, ਇਸ ਲਈ ਅਜਿਹੀਆਂ ਵਿਵਾਦਿਤ ਕਿਤਾਬਾਂ ਡੂੰਘੀ ਸਾਜਿਸ਼ ਦਾ ਹਿੱਸਾ ਹਨ। ਸੰਧਵਾਂ ਨੇ ਕਿਹਾ ਕਿ ਗੁਰਬਾਣੀ ਅਤੇ ਰਾਗਾਂ ਦੇ ਸ਼ਬਦੀ ਨਾਮ ਗ਼ਲਤ ਲਿਖੇ ਜਾਣਾ ਬੇਅਦਬੀ ਕਰਨ ਦੇ ਤੁੱਲ ਬੱਜਰ ਗਲਤੀਆਂ ਹਨ। ਦੂਜੇ ਪਾਸੇ ਇਹ ਗਲਤ ਬਿਆਨੀ ਅਕਾਦਮਿਕ ਪੱਧਰ ‘ਤੇ ਕਿਸੇ ਫਰਾਡ ਤੋਂ ਘੱਟ ਨਹੀਂ ਹੈ। ਜਿਸ ਕਰਕੇ ਅਜਿਹੀਆਂ ਵਿਵਾਦਿਤ ਕਿਤਾਬਾਂ ‘ਤੇ ਤੁਰੰਤ ਪਾਬੰਦੀ ਲੱਗਣਾ ਜਰੂਰੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment