ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਲੋਕ ਸਭਾ ਚੋਣ ਦੇ ਮੱਦੇ ਨਜ਼ਰ ਇੰਡੀਆ ਗਠਜੋੜ ਦੇ ਭਾਈਵਾਲਾਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣਨ ਲੱਗੀ ਹੈ। ਪੰਜਾਬ ਨੂੰ ਛੱਡਕੇ ਪੰਜ ਰਾਜਾਂ ਵਿਚ ਕਾਂਗਰਸ ਅਤੇ ਆਪ ਰਲ ਕੇ ਚੋਣ ਲੜਨ ਲਈ ਸਹਿਮਤ ਹੋ ਗਏ ਹਨ । ਇਸੇ ਤਰਾਂ ਦੇਸ਼ ਦੇ ਵੱਡੇ ਸੂਬੇ ਯੂਪੀ ਵਿਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚ ਚੋਣ ਰਲਕੇ ਲੜਨ ਬਾਰੇ ਸਹਿਮਤੀ ਬਣ ਗਈ ਹੈ। ਕੁਝ ਹੋਰ ਰਾਜਸੀ ਧਿਰਾਂ ਨਾਲ ਵੀ ਸਹਿਮਤੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਤਰਾਂ ਦੇਸ਼ ਦੀ ਸ਼ਕਤੀਸ਼ਾਲੀ ਹਾਕਮ ਪਾਰਟੀ ਭਾਜਪਾ ਨੂੰ ਪਾਰਲੀਮੈਂਟ ਚੋਣ ਵਿੱਚ ਇਕ ਮਜਬੂਤ ਵਿਰੋਧੀ ਧਿਰ ਦਾ ਸਾਹਮਣਾ ਕਰਨ ਦੀ ਪ੍ਰਸਥਿਤੀ ਬਣ ਰਹੀ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇੰਡੀਆ ਗਠਜੋੜ ਬਣਦੇ ਹੀ ਖਿੰਡਣ ਵਾਲੇ ਪਾਸੇ ਵੱਲ ਤੁਰ ਗਿਆ ਹੈ।
ਕਾਂਗਰਸ ਅਤੇ ਆਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ ਦੋਵੇਂ ਪਾਰਟੀਆਂ ਅਲੱਗ ਅਲੱਗ ਚੋਣ ਲੜਨਗੀਆਂ। ਇਸ ਤਰਾਂ ਪੰਜਾਬ ਦੀਆਂ ਤੇਰਾਂ ਲੋਕ ਸਭਾ ਸੀਟਾਂ ਲਈ ਕਾਂਗਰਸ ਅਤੇ ਆਪ ਆਹਮੋ ਸਾਹਮਣੇ ਹੋਣਗੇ। ਪਿਛਲੇ ਕਾਫੀ ਦਿਨਾਂ ਤੋਂ ਦੋਹਾਂ ਪਾਰਟੀਆਂ ਦੇ ਆਗੂ ਆਖ ਰਹੇ ਸਨ ਕਿ ਦੋਵੇਂ ਪਾਰਟੀਆਂ ਦੀ ਕੋਈ ਸਹਿਮਤੀ ਨਹੀਂ ਬਣੀ ਹੈ । ਪੰਜਾਬ ਵਿੱਚ ਆਪ ਦੀ ਸਰਕਾਰ ਹੈ ਅਤੇ ਕਾਂਗਰਸ ਮੁਖ ਵਿਰੋਧੀ ਧਿਰ ਹੈ। ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਸਾਰੇ ਦੇਸ਼ ਦੇ ਮੁਕਾਬਲੇ ਇੰਡੀਆ ਗਠਜੋੜ ਵੱਖਰੀ ਤਸਵੀਰ ਪੇਸ਼ ਕਰੇਗਾ ਅਤੇ ਦੂਜੀਆਂ ਰਾਜਸੀ ਪਾਰਟੀਆਂ ਨੂੰ ਸਵਾਲ ਕਰਨ ਦਾ ਮੌਕਾ ਮਿਲ ਜਾਵੇਗਾ।
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਵਿਚ ਪਹਿਲਾ ਮੌਕਾ ਹੋਵੇਗਾ ਜਦੋਂ ਕਾਂਗਰਸ ਅਤੇ ਆਪ ਮਿਲਕੇ ਲੋਕ ਸਭਾ ਚੋਣ ਲੜ ਰਹੇ ਹਨ। ਅਸਲ ਵਿਚ ਇਹ ਏਕੇ ਦੀ ਸ਼ੁਰੂਆਤ ਚੰਡੀਗੜ ਦੇ ਮੇਅਰ ਦੀ ਚੋਣ ਨੂੰ ਲੈ ਕੇ ਹੋਈ ਸੀ। ਕਾਫੀ ਜਦੋਜਹਿਦ ਬਾਅਦ ਆਖਿਰ ਚੰਡੀਗੜ ਦਾ ਮੇਅਰ ਆਪ ਦਾ ਬਣ ਹੀ ਗਿਆ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਖਲ ਨਾਲ ਹੋਏ ਫੈਸਲੇ ਕਾਰਨ ਭਾਜਪਾ ਨੂੰ ਤਕੜਾ ਝਟਕਾ ਲੱਗਾ ਸੀ। ਹੁਣ ਇੰਡੀਆਗਠਜੋੜ ਵਲੋਂ ਚੰਡੀਗੜ ਦੀ ਸੀਟ ਕਾਂਗਰਸ ਦੇ ਹਵਾਲੇ ਹੋ ਗਈ ਹੈ ਤਾਂ ਸਾਬਕਾ ਕੈਬਨਿਟ ਮੰਤਰੀ ਪਵਨ ਬਾਂਸਲ ਹੀ ਕਾਂਗਰਸ ਦੇ ਉਮੀਦਵਾਰ ਹੋਣਗੇ। ਚੰਡੀਗੜ ਦੀ ਸੀਟ ਭਾਜਪਾ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਇਹ ਸੀਟ ਪਿਛਲੀਆਂ ਦੋ ਚੋਣਾਂ ਵਿਚ ਭਾਜਪਾ ਜੇਤੂ ਰਹੀ ਹੈ ਅਤੇ ਮੈਡਮ ਕਿਰਨ ਖੇਰ ਮੌਜੂਦਾ ਮੈਂਬਰ ਹਨ।
- Advertisement -
ਜੇਕਰ ਗੁਆਂਡੀ ਰਾਜ ਹਰਿਆਣਾ ਦੀ ਗੱਲ ਕਰੀਏ ਤਾਂ ਇਥੇ 9 ਸੀਟਾਂ ਲਈ ਕਾਂਗਰਸ ਚੋਣ ਲੜੇਗੀ ਅਤੇ ਇਕ ਸੀਟ ਕੁਰੂਕਸ਼ੇਤਰ ਲਈ ਆਪ ਚੋਣ ਲੜੇਗੀ। ਦਿੱਲੀ ਲਈ ਚਾਰ ਸੀਟਾਂ ਇੰਡੀਆ ਗਠਜੋੜ ਨੇ ਆਪ ਦੇ ਹਵਾਲੇ ਕੀਤੀਆਂ ਹਨ ਤਾਂ ਤਿੰਨ ਸੀਟਾਂ ਲਈ ਕਾਂਗਰਸ ਚੋਣ ਲੜੇਗੀ। ਇਸ ਤੋਂ ਪਹਿਲਾਂ ਸਾਰੀਆਂ ਸੀਟਾਂ ਭਾਜਪਾ ਕੋਲ ਹਨ। ਗੋਆ ਦੀਆਂ ਦੋ ਸੀਟਾਂ ਕਾਂਗਰਸ ਦੇ ਹਵਾਲੇ ਹੋ ਗਈਆਂ ਹਨ। ਗੁਜਰਾਤ ਦੀਆਂ ਕੁੱਲ ਛੱਬੀ ਸੀਟਾਂ ਵਿੱਚੋਂ ਚੌਵੀ ਲਈ ਕਾਂਗਰਸ ਲੜੇਗੀ ਅਤੇ ਦੋ ਸੀਟਾਂ ਆਪ ਲੜੇਗੀ!
ਦੇਸ਼ ਦੇ ਵੱਡੇ ਸੂਬੇ ਯੂਪੀ ਵਿੱਚ 63 ਸੀਟਾਂ ਲਈ ਸਮਾਜਵਾਦੀ ਲੜੇਗੀ ਅਤੇ 17 ਸੀਟਾਂ ਲਈ ਕਾਂਗਰਸ ਲੜੇਗੀ । ਇੰਡੀਆ ਗਠਜੋੜ ਯੂਪੀ ਵਿਚ ਭਾਜਪਾ ਨੂੰ ਕਿੰਨੀ ਵੱਡੀ ਚੁਣੌਤੀ ਦੇਵੇਗਾ, ਇਹ ਸਮਾਂ ਦੱਸੇਗਾ।
ਸੰਪਰਕਃ 9814002186