ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਅਤੇ ਪਸਾਰ ਸਿੱਖਿਆ ਵਿਭਾਗ, ਪੀ.ਏ.ਯੂ. ਵੱਲੋਂ ਮੁਖੀ ਡਾ. ਕੁਲਦੀਪ ਸਿੰਘ ਦੇ ਨਿਰਦੇਸ਼ ਅਨੁਸਾਰ ਲੁਧਿਆਣਾ ਜ਼ਿਲੇ ਦੇ ਪਿੰਡ ਰਾਜੋਆਣਾ ਵਿਖੇ ਕਣਕ ਦੀ ਫ਼ਸਲ ਵਿੱਚ ਸੰਯੁਕਤ ਨਦੀਨ ਪ੍ਰਬੰਧਨ ਬਾਰੇ ਸਿਖਲਾਈ ਕੈਂਪ ਲਗਾਇਆ ਗਿਆ । ਪਸਾਰ ਵਿਗਿਆਨੀ ਡਾ. ਕਮਲਪ੍ਰੀਤ ਕੌਰ ਨੇ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਜ਼ੋਰ ਦਿੰਦਿਆਂ ਇਸ ਸਿਖਲਾਈ ਵਿੱਚ ਕਿਸਾਨਾਂ ਦਾ ਸਵਾਗਤ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿੱਚ ਸੰਯੁਕਤ ਨਦੀਨ ਪ੍ਰਬੰਧਨ ਨੂੰ ਅਪਨਾ ਕੇ ਫ਼ਸਲ ਦਾ ਝਾੜ ਵਧਾਉਣ ਲਈ ਕਿਹਾ । ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਪੇਂਡੂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਵਿਗਿਆਨਕ ਮਾਰਗ ਦਰਸ਼ਨ ਅਤੇ ਲਾਹੇਵੰਦ ਖੇਤੀ ਲਈ ਪੀ.ਏ.ਯੂ. ਦੇ ਮਾਹਿਰਾਂ ਨਾਲ ਨੇੜਤਾ ਬਣਾਈ ਰੱਖਣ। ਇਸ ਮੌਕੇ ਖੇਤੀ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਵੱਖ-ਵੱਖ ਨਦੀਨਾਂ, ਉਹਨਾਂ ਦੇ ਲੱਛਣਾਂ ਅਤੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ। ਪਸਾਰ ਵਿਗਿਆਨੀ ਡਾ. ਪੰਕਜ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।