ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ 237ਵੀਂ ਬਰਸੀ ਸ਼ਰਧਾ ਨਾਲ ਮਨਾਈ

TeamGlobalPunjab
3 Min Read

ਐਸ.ਏ.ਐਸ. ਨਗਰ: ਸ੍ਰੀ ਅਕਾਲ ਤਖਤ ਸਹਿਬ ਦੇ ਪੰਜਵੇਂ ਜਥੇਦਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ, ਸੁਲਤਾਨ- ਉਲ-ਕੌਮ, ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ 237ਵੀਂ ਬਰਸੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ (ਰਜਿ.) ਵਲੋਂ ਗੁਰ ਆਸਰਾ ਟ੍ਰਸਟ ਮੋਹਾਲੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਟ੍ਰਸਟੀ ਮੈਂਬਰ ਅਮਰਜੀਤ ਸਿੰਘ ਵਾਲੀਆ ਨੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਬਾਰੇ ਵਿਸਤ੍ਰਤ ਜਾਣਕਾਰੀ ਦਿੱਤੀ।

ਇਸ ਮੌਕੇ ਟ੍ਰਸਟ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਇੰਨੇ ਵੱਡੇ ਜਰਨੈਲ ਜਿਨ੍ਹਾਂ ਨੂੰ ਗੁਰੂ ਕਾ ਲਾਲ, ਸੁਲਤਾਨ-ਉਲ – ਕੌਮ (ਕੌਮ ਦਾ ਬਾਦਸ਼ਾਹ), ਬੰਦੀ ਛੋੜ, ਨਵਾਬ, ਜਥੇਦਾਰ ਬੁੱਢਾ ਦਲ ਖਾਲਸਾ ਆਦਿ ਪਦਵੀਆਂ ਨਾਲ ਨਿਵਾਜਿਆ ਗਿਆ ਹੋਵੇ, ਫਿਰ ਵੀ ਪੰਜਾਬ ਸਰਕਾਰ ਅਤੇ ਐਸਜੀਪੀਸੀ ਉਨ੍ਹਾਂ ਨੂੰ ਕਿਉਂ ਵਿਸਾਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਵਸ ਤੇ ਬਰਸੀ ਸਰਕਾਰੀ ਤੌਰ ਤੇ ਮਨਾਏ ਜਾਣ ਦੇ ਨਾਲ ਨਾਲ ਉਨ੍ਹਾਂ ਦੀ ਯਾਦਗਾਰ ਸਥਾਪਿਤ ਕਰਨ ਦੀ ਵੀ ਬੇਹੱਦ ਲੋੜ ਹੈ।

ਉਨ੍ਹਾਂ ਕਿਹਾ ਕਿ ਇਸਦੇ ਨਾਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਵਲੋਂ ਢਹਿ ਢੇਰੀ ਕੀਤੇ ਗਏ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁੜ ਉਸਾਰੀ ਕਰਵਾਈ ਅਤੇ ਇਸਦੇ ਨੇੜੇ ਇਕ ਕਿਲ੍ਹਾ ਆਹਲੂਵਾਲੀਆ ਬਣਾਇਆ ਪਰ ਅੱਜ ਇਸ ਪੂਰੇ ਖੇਤਰ ਉੱਤੇ ਲੋਕਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਹ ਕਬਜੇ ਛੁੜਵਾ ਕੇ ਇਥੇ ਹੀ ਉਨ੍ਹਾਂ ਦੀ ਯਾਦਗਾਰ ਸਥਾਪਿਤ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਦਰਬਾਰ ਸਾਹਿਬ ਦੇ ਬਾਹਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਬੁੱਤ ਲਗਾਇਆ ਜਾਵੇ ਅਤੇ ਘੀ ਮੰਡੀ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਨਾਂ ਦਾ ਗੇਟ ਬਣਾਇਆ ਜਾਵੇ।

ਇਸ ਮੌਕੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟ੍ਰਸਟ ਵਲੋਂ ਗੁਰ ਆਸਰਾ ਟ੍ਰਸਟ ਦੀਆਂ ਬੱਚੀਆਂ ਦੀ ਮਾਇਕ ਤੌਰ ਤੇ ਮਦਦ ਕੀਤੀ ਗਈ ਅਤੇ ਗੁਰ ਆਸਰਾ ਟ੍ਰਸਟ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਸੁੱਚਜੇ ਪ੍ਰਬੰਧਾਂ ਦੀ ਪ੍ਰਸ਼ੰਸ਼ਾ ਕੀਤੀ । ਉਨ੍ਹਾਂ ਇਸ ਮੌਕੇ ਟ੍ਰਸਟ ਦੀਆਂ ਬੱਚੀਆਂ ਨੂੰ ਪੇਸ਼ਕਸ਼ ਕੀਤੀ ਕਿ ਉਹ ਉਨ੍ਹਾਂ ਦੇ ਕਾਲਜ ਵਿਖੇ ਮੁਫਤ ਨਰਸਿੰਗ ਟ੍ਰੇਨਿੰਗ ਪ੍ਰਾਪਤ ਕਰ ਸਕਦੀਆਂ ਹਨ।

- Advertisement -

ਇਸ ਮੌਕੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਟ੍ਰਸਟ ਦੇ ਵਾਈਸ ਚੇਅਰਮੈਨ ਜੀ.ਐਸ. ਰੋਸ਼ਾ, ਜਨਰਲ ਸਕੱਤਰ ਪਾਲ ਮੋਹਿੰਦਰ ਸਿੰਘ ਵਾਲੀਆ, ਸਕੱਤਰ ਫਾਇਨਾਂਸ ਪਦਮਜੀਤ ਸਿੰਘ ਵਾਲੀਆ, ਟਰੱਸਟੀ ਇੰਦਰਪਾਲ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਇੰਜ. ਅਮਰਜੀਤ ਸਿੰਘ ਵਾਲੀਆ, ਅਵਤਾਰ ਸਿੰਘ ਵਾਲੀਆ, ਭੁਪਿੰਦਰ ਸਿੰਘ ਵਾਲੀਆ ਅਤੇ ਡਾ. ਪਰਮਜੀਤ ਸਿੰਘ ਵਾਲੀਆ ਵੀ ਮੌਜੂਦ ਸਨ।

Share this Article
Leave a comment