ਨਿੰਬੂ ਦੀ ਨਰਸਰੀ ਵਿੱਚ ਘੋਗਿਆਂ ਦੀ ਸਰਵਪੱਖੀ ਰੋਕਥਾਮ – ਪੜ੍ਹੋ ਜ਼ਰੂਰੀ ਨੁਕਤੇ

TeamGlobalPunjab
4 Min Read

-ਸਨਦੀਪ ਸਿੰਘ

 

ਘੋਗੇ ਕੀੜਿਆਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ, ਇਹ ਮੌਲਸਕਾ ਫਾਇਲਮ ਦੀ ਗੈਸਟ੍ਰੋਪੋਡਾ ਸ਼੍ਰੇਣੀ ਵਿੱਚ ਪਾਏ ਜਾਂਦੇ ਨਰਮ ਸਰੀਰ ਵਾਲੇ ਜਾਨਵਰ ਹਨ। ਇਨ੍ਹਾਂ ਦਾ ਸਰੀਰ ਕੁੰਡਲ ਵਰਗਾ ਅਤੇ ਗੈਰ ਖੰਡਿਤ ਹੁੰਦਾ ਹੈ। ਪੈਰ ਚਪਟੇ ਹੁੰਦੇ ਹਨ, ਜੋ ਰੀਂਗਣ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਸ਼ੈਲ ਮੁੜਿਆ ਹੋਇਆ ਅਤੇ ਕੈਲਸ਼ੀਅਮ ਤੋਂ ਬਣਿਆ ਹੁੰਦਾ ਹੈ, ਜਿਸ ਵਿੱਚ ਇਹ ਪੂਰੀ ਤਰ੍ਹਾਂ ਵਾਪਿਸ ਜਾ ਸਕਦੇ ਹਨ। ਘੋਗੇ ਠੰਡੇ ਅਤੇ ਨਮੀ ਵਾਲੇ ਵਾਤਾਵਰਨ ਵਿੱਚ ਵਧੇਰੇ ਵਧਦੇ ਫੁੱਲਦੇ ਹਨ ਅਤੇ ਆਮ ਤੌਰ ਤੇ ਰਾਤ ਸਮੇਂ ਨੁਕਸਾਨ ਕਰਦੇ ਹਨ।ਇਹ ਜੀਵ ਗਰਮ, ਖੁਸ਼ਕ ਅਤੇ ਤਿੱਖੀ ਧੁੱਪ ਤੋਂ ਆਪਣਾ ਬਚਾ ਕਰਦੇ ਹਨ। ਘੋਗੇ ਦਿਨ ਵੇਲੇ ਗਿੱਲੀ ਥਾਂ ਤੇ ਲੁਕ ਕੇ ਸ਼ਿਕਾਰੀ ਜੀਵਾਂ ਤੋਂ ਆਪਣਾ ਬਚਾ ਕਰਦੇ ਹਨ ਕਿਉਂਕਿ ਇਨਾਂ ਦੀ ਗਤੀ ਬਹੁਤ ਹੌਲੀ ਹੋਣ ਕਰਕੇ ਇਹ ਅਕਸਰ ਹੋਰ ਜੀਵਾਂ ਦਾ ਸ਼ਿਕਾਰ ਬਣ ਜਾਂਦੇ ਹਨ। ਨਰਸਰੀ ਵਿੱਚ ਘੋਗਿਆਂ ਦੀ ਮੌਜੂਦਗੀ ਅਕਸਰ ਚਾਂਦੀ ਰੰਗੇ ਚਿਪਚਿਪੇ ਪੈਰ-ਚਿੰਨ੍ਹਾਂ ਅਤੇ ਨੁਕਸਾਨੇ ਪੌਦਿਆਂ ਤੋਂ ਹੀ ਹੁੰਦੀ ਹੈ। ਮੈਕਰੋਕਲੈਮਿਸ ਇੰਡਿਕਾ ਪੰਜਾਬ ਵਿੱਚ ਨਿੰਬੂ ਜਾਤੀ ਦੀ ਨਰਸਰੀ ਦਾ ਮਹੱਤਵਪੂਰਨ ਘੋਗਾ ਹੈ। ਇਸ ਦੇ ਹਮਲੇ ਦਾ ਮੁੱਖ ਸਮਾਂ ਬਰਸਾਤ ਰੁੱਤ ਹੈ।

ਨੁਕਸਾਨ

- Advertisement -

ਘੋਗੇ ਨਰਮ ਪੱਤਿਆਂ ਜਾਂ ਫ਼ੁੱਲਾਂ ਨੂੰ ਤਰਜੀਹ ਦਿੰਦੇ ਹਨ, ਇਸ ਕਰਕੇ ਇਹ ਮੁੱਖ ਤੌਰ ਤੇ ਛੋਟੇ ਪੌਦਿਆਂ ਦਾ ਨੁਕਸਾਨ ਕਰਦੇ ਹਨ। ਇਹ ਕਈ ਤਰ੍ਹਾਂ ਦੇ ਜੀਵਿਤ ਪੌਦਿਆਂ ਅਤੇ ਗਲ-ਸੜ ਰਹੇ ਪੌਦਿਆਂ ਨੂੰ ਖਾਂਦੇ ਹਨ। ਇਹ ਪੱਤਿਆਂ ਦੇ ਕਿਨਾਰਿਆਂ ਨੂੰ ਖਾ ਕੇ ਵਿੰਗੇ-ਟੇਢੇ ਛੇਕ ਕਰ ਦਿੰਦੇ ਹਨ ਅਤੇ ਛੋਟੇ ਪੌਦਿਆਂ ਨੂੰ ਆਸਾਨੀ ਨਾਲ ਕੱਟ ਕੇ ਖਾ ਜਾਂਦੇ ਹਨ। ਕਈ ਵਾਰ ਘੋਗੇ ਸੱਕ ਅਤੇ ਫ਼ਲਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਨਿੰਬੂ ਜਾਤੀ ਦੀ ਨਰਸਰੀ ਦੇ ਪੌਦੇ ਖਾਸ ਤੌਰ ਤੇ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ।

ਘੋਗਿਆਂ ਦੀ ਸਰਵਪੱਖੀ ਰੋਕਥਾਮ

1. ਨਰਸਰੀ ਦੇ ਅੰਦਰ ਅਤੇ ਆਲੇ ਦੁਆਲੇ ਕਿਸੇ ਤਰ੍ਹਾਂ ਦਾ ਮਲਬਾ ਨਾ ਰੱਖੋ ਕਿਉਂਕਿ ਇਸ ਨਾਲ ਘੋਗਿਆਂ ਦੇ ਪ੍ਰਜਨਣ ਅਤੇ ਲੁਕਣ ਦੀਆਂ ਥਾਂਵਾਂ ਖਤਮ ਹੋ ਜਾਣਗੀਆਂ।
2. ਨਰਸਰੀ ਦੇ ਅੰਦਰ ਅਤੇ ਆਲੇ ਦੁਆਲੇ ਪਪੀਤੇ ਦੇ ਪੱਤੇ ਖਿਲਾਰਣ ਨਾਲ ਘੋਗੇ ਪੱਤਿਆਂ ਵੱਲ ਆਕਰਸ਼ਿਤ ਹੁੰਦੇ ਹਨ। ਪੱਤਿਆਂ ਤੋਂ ਇਕੱਠੇ ਹੋਏ ਘੋਗਿਆਂ ਨੂੰ ਬਾਲਟੀ ਵਿੱਚ ਨਮਕ ਵਾਲਾ ਪਾਣੀ ਵਿੱਚ ਪਾ ਕੇ ਮਾਰੋ।
3. ਘੋਗਿਆਂ ਨੂੰ ਹੱਥਾਂ ਨਾਲ ਇਕੱਠਾ ਕਰੋ ਅਤੇ ਮਾਰੋ।
4. ਨਰਸਰੀ ਦੇ ਅੰਦਰ ਅਤੇ ਆਲੇ-ਦੁਆਲੇ ਗਿੱਲੀਆਂ ਬੋਰੀਆਂ ਰੱਖਣ ਨਾਲ ਘੋਗੇ ਬੋਰੀਆਂ ਦੇ ਥੱਲੇ ਲੁਕ ਜਾਂਦੇ ਹਨ।ਬੋਰੀਆਂ ਥੱਲੇ ਇਕੱਠੇ ਹੋਏ ਘੋਗਿਆਂ ਨੂੰ ਬਾਲਟੀ ਵਿੱਚ ਨਮਕ ਵਾਲਾ ਪਾਣੀ ਵਿੱਚ ਪਾ ਕੇ ਮਾਰੋ।
5. ਜਦੋਂ ਨਰਸਰੀ ਵਿੱਚ ਘੋਗੇ ਨਜ਼ਰ ਆਉਣੇ ਸ਼ੁਰੂ ਹੋ ਜਾਣ ਤਾਂ ਮੈਟਾਐਲਡੀਹਾਈਡ (2.5 % ਚੋਗਾ) ਪਾਉਣ ਨਾਲ ਇਨ੍ਹਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ। ਪਾਣੀ ਲਾਓਣ ਤੋਂ ਤੁਰੰਤ ਜਾਂ ਬਰਸਾਤ ਤੋਂ ਬਾਅਦ ਚੋਗਾ ਪਾਉ ਜਦੋਂ ਮਿੱਟੀ ਗਿੱਲੀ ਹੋਵੇ ਅਤੇ ਘੋਗੇ ਚੁਸਤ ਹੋਣ। ਚੋਗਾ ਪਾਉਣ ਤੋਂ ਬਾਅਦ ਪਾਣੀ ਨਾ ਲਾਉ। ਚੋਗਾ ਬਣਾਉਣ ਦੀ ਵਿਧੀ ਹੇਠਾਂ ਦੱਸੀ ਗਈ ਹੈ।

ਇਕ ਕਿੱਲੋ ਮੈਟਾਐਲਡੀਹਾਈਡ ਚੋਗਾ ਬਣਾਉਣ ਦੀ ਵਿਧੀ

1. ਚੋਗਾ ਪਾਉਣ ਤੋਂ ਇਕ ਦਿਨ ਪਹਿਲਾਂ 750 ਗ੍ਰਾਮ ਕਣਕ ਦੇ ਛਾਣ-ਬੂਰੇ ਨੂੰ ਫਰਸ਼ ਤੇ ਖਿਲਾਰੋ ਅਤੇ ਹੱਥਾਂ ਨਾਲ ਦਬਾਉੇ ਅਤੇ ਨਿਚੋੜ ਲਵੋ ਤਾਂ ਕਿ ਸਾਰਾ ਛਾਨ-ਬੂਰਾ ਚੰਗੀ ਤਰ੍ਹਾਂ ਮਿਲ ਜਾਵੇ।
2. 250 ਗ੍ਰਾਮ ਗੁੜ ਨੂੰ ਵੱਖਰਾ ਕੁੱਟ ਕੇ ਪਾਊਡਰ ਜਿਹਾ ਬਣਾ ਲਵੋ ਅਤੇ ਛਾਣ-ਬੂਰੇ ਵਿੱਚ ਮਿਲਾ ਦਿਉ।
3. ਦਸਤਾਨੇ ਪਾ ਕੇ ਗੁੜ ਦੇ ਪਾਊਡਰ ਨੂੰ ਛਾਣ-ਬੂਰੇ ਵਿੱਚ ਦੁਬਾਰਾ ਚੰਗੀ ਤਰ੍ਹਾਂ ਨਿਚੋੜ ਦਿਉ। ਇਸ ਉਪਰ ਥੋੜ੍ਹਾ ਜਿਹਾ ਪਾਣੀ ਛਿੜਕੋ ਅਤੇ ਫਿਰ ਮਿਲਾ ਦਿਉ।ਫਿਰ ਥੋੜ੍ਹਾ ਜਿਹਾ ਪਾਣੀ ਛਿੜਕੋ ਅਤੇ ਮਿਲਾ ਦਿਉ।
4. ਇਸ ਮਿਸ਼ਰਣ ਨੂੰ ਸਾਰੀ ਰਾਤ ਪਿਆ ਰਹਿਣ ਦਿਉ।
5. ਅਗਲੀ ਦਿਨ ਸ਼ਾਮ ਵੇਲੇ ਦਸਤਾਨੇ ਪਾਕੇ ਛਾਣ-ਬੂਰੇ ਅਤੇ ਗੁੜ ਵਾਲੇ ਮਿਸ਼ਰਣ ਨੂੰ ਮੈਟਾਐਲਡੀਹਾਈਡ (25 ਗ੍ਰਾਮ) ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾਉ।
6. ਇਸ ਚੋਗੇ ਨੂੰ ਸਕਰੀਨ ਹਾਊਸ/ਸ਼ੇਡਨੈਟ ਹਾਊਸ ਵਿੱਚ ਬੂਟਿਆਂ ਦੀਆਂ ਕਤਾਰਾਂ ਦੇ ਨਾਲ-ਨਾਲ, ਅਤੇ ਤਰੇੜਾਂ ਤੇ ਖੋੜਾਂ ਵਿੱਚ ਪਾਉ।

- Advertisement -

ਸਾਵਧਾਨੀ: ਮੈਟਾਐਲਡੀਹਾਈਡ ਚੋਗਾ ਬਹੁਤ ਜ਼ਹਿਰੀਲਾ ਹੁੰਦਾ ਹੈ। ਇਸਨੂੰ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ।

ਸੰਪਰਕ: 98154-13046

Share this Article
Leave a comment