ਨਿਊਜ਼ ਡੈਸਕ: ਡਾਕਟਰ ਮਸ਼ੂਰ ਗੁਲਾਟੀ ਅਤੇ ਗੁੱਥੀ ਵਰਗੇ ਯਾਦਗਾਰ ਕਿਰਦਾਰ ਨਿਭਾ ਕੇ ਲੋਕਾਂ ਨੂੰ ਹਸਾਉਣ ਵਾਲੇ ਅਦਾਕਾਰ ਅਤੇ ਕਾਮੇਡੀਅਨ ਸੁਨੀਲ ਗਰੋਵਰ ਦੇ ਦਿਲ ਦੀ ਸਰਜਰੀ ਹੋਈ ਹੈ। ਸਰਜਰੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ।
ਮੁੰਬਈ ਦੇ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ, ਪ੍ਰਸ਼ੰਸਕ ਲਗਾਤਾਰ ਸੁਨੀਲ ਨੂੰ ਲੈ ਕੇ ਚਿੰਤਤ ਹਨ। ਲੋਕ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਲਈ ਅਰਦਾਸ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਫਲਾਈਟ ‘ਚ ਕਾਮੇਡੀਅਨ ਸੁਨੀਲ ਗਰੋਵਰ ਨਾਲ ਲੜਾਈ ਹੋ ਗਈ ਸੀ। ਇਸ ਮਾਮਲੇ ਨੇ ਇਕ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਸਨ। ਨਤੀਜੇ ਵਜੋਂ, ਇਸ ਘਟਨਾ ਦੇ ਬਾਅਦ ਤੋਂ ਸੁਨੀਲ ਅਤੇ ਕਪਿਲ ਕਿਸੇ ਸ਼ੋਅ ਵਿੱਚ ਇਕੱਠੇ ਨਜ਼ਰ ਨਹੀਂ ਆਏ ਹਨ।
ਗਰੋਵਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਹੂਮ ਜਸਪਾਲ ਭੱਟੀ ਨਾਲ ਕੀਤੀ ਸੀ। ਗਰੋਵਰ ਦੇ ਟੀਵੀ ਕਰੀਅਰ ਦੀ ਸ਼ੁਰੂਆਤ ‘ਚਲਾ ਲੱਲਾ ਹੀਰੋ ਬਣਣੇ’ ਸ਼ੋਅ ਨਾਲ ਹੋਈ ਸੀ, ਇਸ ਤੋਂ ਇਲਾਵਾ ਗਰੋਵਰ ਨੂੰ ਸਬ ਟੀਵੀ ਦੇ ਪਹਿਲੇ ਸਾਈਲੈਂਟ ਸ਼ੋਅ ‘ਗੁੰਟੂਰ ਗੁੰ’ ਵਿੱਚ ਵੀ ਲੋਕਾਂ ਨੂੰ ਹਸਾਉਂਦੇ ਦੇਖਿਆ ਗਿਆ ਸੀ।