ਨਿਊਜ਼ ਡੈਸਕ: ਦਸੰਬਰ ਦਾ ਮਹੀਨਾ ਬੀਤਣ ਦੇ ਨਾਲ ਹੀ ਠੰਡ ਦੀ ਤੀਬਰਤਾ ਵਧਦੀ ਜਾ ਰਹੀ ਹੈ। ਪਹਾੜਾਂ ਤੋਂ ਲੈ ਕੇ ਉੱਤਰੀ, ਮੱਧ ਅਤੇ ਪੂਰਬੀ ਭਾਰਤ ਦੇ ਮੈਦਾਨੀ ਇਲਾਕਿਆਂ ਤੱਕ ਪਾਰਾ ਲਗਾਤਾਰ ਡਿੱਗ ਰਿਹਾ ਹੈ ਅਤੇ ਸੀਤ ਲਹਿਰ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ।ਹਿਮਾਚਲ ਪ੍ਰਦੇਸ਼ ਵਿੱਚ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕਸ਼ਮੀਰ ਵਿੱਚ ਸੀਤ ਲਹਿਰ ਦੀ ਸਥਿਤੀ ਗੰਭੀਰ ਹੋ ਗਈ ਹੈ। ਸੋਮਵਾਰ ਰਾਤ ਨੂੰ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.3 ਡਿਗਰੀ ਰਿਹਾ ਹੈ।
ਸ੍ਰੀਨਗਰ ਦੇ ਨਾਲ-ਨਾਲ ਕਸ਼ਮੀਰ ਘਾਟੀ ਦੇ ਕਈ ਸ਼ਹਿਰਾਂ ਵਿੱਚ ਜਲ ਸਪਲਾਈ ਸਕੀਮਾਂ ਅਤੇ ਪਾਣੀ ਦੇ ਸੋਮੇ ਜਾਮ ਹੋ ਗਏ ਹਨ ਪਰ ਗੁਲਮਰਗ ਵਿੱਚ ਡਿੱਗਦੇ ਤਾਪਮਾਨ ਅਤੇ ਬਰਫ਼ ਦੀ ਚਾਦਰ ਕਾਰਨ ਸੈਲਾਨੀਆਂ ਦਾ ਚਿਹਰਾ ਰੌਸ਼ਨ ਹੋ ਗਿਆ ਹੈ। ਲੋਕ ਸਕੀਇੰਗ ਦਾ ਖੂਬ ਆਨੰਦ ਲੈ ਰਹੇ ਹਨ। ਹਿਮਾਚਲ ਦੇ 12 ਵਿੱਚੋਂ 4 ਜ਼ਿਲ੍ਹਿਆਂ ਵਿੱਚ ਹੇਠਲੇ ਪਹਾੜੀ ਖੇਤਰਾਂ ਅਤੇ ਮੈਦਾਨੀ ਇਲਾਕਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਤੇਜ਼ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਲਾਹੌਲ-ਸਪੀਤੀ ਜ਼ਿਲੇ ਦੇ ਤਾਬੋ ‘ਚ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਨਫੀ 6.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਅਤੇ ਕੁਫਰੀ ਵਿੱਚ ਵੀ ਤਾਪਮਾਨ 10 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ।
ਓਡੀਸ਼ਾ ਦੇ 13 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਕੰਧਮਾਲ ਜ਼ਿਲ੍ਹੇ ਦਾ ਉਦੈਗਿਰੀ ਘੱਟੋ-ਘੱਟ ਤਾਪਮਾਨ 4.7 ਡਿਗਰੀ ਦੇ ਨਾਲ ਸਭ ਤੋਂ ਠੰਢਾ ਰਿਹਾ। ਝਾਰਖੰਡ ਵਿੱਚ ਘੱਟੋ-ਘੱਟ ਤਾਪਮਾਨ 2.5 ਡਿਗਰੀ ਤੱਕ ਪਹੁੰਚ ਗਿਆ ਹੈ। ਰਾਂਚੀ ਸਮੇਤ 8 ਜ਼ਿਲ੍ਹਿਆਂ ਵਿੱਚ ਪਾਰਾ 10 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੋਂ ਪਾਰਾ 3-5 ਡਿਗਰੀ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਵਿੱਚ ਵੀ ਸੀਤ ਲਹਿਰ ਜਾਰੀ ਹੈ। ਫਰੀਦਕੋਟ ਇੱਥੇ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 2.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਅਤੇ ਪਟਿਆਲਾ ਦੋਵਾਂ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।