ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਤੀ 25 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਬੇਟੀ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਅਤੇ ਰਾਜ ਪੱਧਰੀ ਮੈਗਾ ਸਵੈ-ਰੋਜ਼ਗਾਰ ਲੋਨ ਮੇਲੇ ‘ਚ ਪ੍ਰਧਾਨਗੀ ਕਰਨ ਪੁੱਜਣਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਿਊਰੋ, ਵਿਖੇ ਸੋਮਵਾਰ ਬਾਅਦ ਦੁਪਹਿਰ ਨੂੰ ਕਰਵਾਏ ਜਾ ਰਹੇ ਇਸ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ, ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਘਰ-ਘਰ ਰੋਜਗਾਰ’ ਅਧੀਨ ਰੋਜ਼ਗਾਰ ਹਾਸਲ ਕਰਨ ਵਾਲੇ ਬੇਰੋਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹੇ ਦੇ ਪਿੰਡਾਂ ਤੋਂ ਪੁੱਜੀਆਂ ਲੜਕੀਆਂ ਨੂੰ ਤੋਹਫ਼ੇ ਵੰਡਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਨਗੇ।
ਇਸੇ ਦੌਰਾਨ ‘ਘਰ-ਘਰ ਰੋਜਗਾਰ’ ਪ੍ਰੋਗਰਾਮ ਤਹਿਤ 5 ਲੱਖ ਰੁਪਏ ਦਾ ਬੈਂਕ ਕਰਜਾ ਹਾਸਲ ਕਰਕੇ ਪਿੰਡ ਭਾਨਰਾ ‘ਚ ਆਟਾ ਚੱਕੀ ਲਗਾ ਕੇ ਆਤਮ ਨਿਰਭਰ ਬਣੀ ਗ੍ਰੈਜੂਏਟ ਜੋਤੀ ਰਾਣੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹ ਅੱਜ ਆਪਣੇ ਪਤੀ ਅਮਨਦੀਪ ਸ਼ਰਮਾ ਦੇ ਨਾਲ ਮਿਲਕੇ ਸਵੈਰੋਜ਼ਗਾਰ ਦੇ ਕਾਬਲ ਬਣ ਗਈ ਹੈ। 26 ਸਾਲਾ ਜੋਤੀ ਨੇ ਦੱਸਿਆ ਕਿ ਉਨ੍ਹਾਂ ਦੀ ਆਟਾ ਚੱਕੀ ਨਾਲ ਅੱਜ 4 ਹੋਰ ਵਿਅਕਤੀਆਂ ਨੂੰ ਵੀ ਰੋਜ਼ਗਾਰ ਹਾਸਲ ਹੋਇਆ ਹੈ।
ਜਦੋਂਕਿ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਆਪਣੇ ਹੁਨਰ ਨੂੰ ਨਿਖਾਰਨ ਵਾਲੀ 31 ਸਾਲਾ ਪਾਂਖਰੀ ਜੈਨ ਨੇ ਦੱਸਿਆ ਕਿ ਉਹ ਵੇਦਾਂਤਾ ਫਾਊਂਡੇਸ਼ਨ ਦੇ ਨਾਲ ਕੈਰੀਅਰ ਕਾਊਂਸਲਰ ਵਜੋਂ ਸੇਵਾਵਾਂ ਨਿਭਾ ਰਹੀ ਹੈ ਅਤੇ ਉਸ ਦੇ ਪਤੀ ਕੰਪਿਊਟਰ ਸੈਂਟਰ ਚਲਾ ਰਹੇ ਹਨ। ਪਾਂਖਰੀ ਜੈਨ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਊਰੋ ਉਨ੍ਹਾਂ ਲੜਕੀਆਂ ਲਈ ਇਕ ਵਰਦਾਨ ਸਾਬਤ ਹੋ ਰਿਹਾ ਹੈ, ਜਿਹੜੀਆਂ ਕਿ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਚਾਹੁੰਦੀਆਂ ਹਨ।
ਬੀਮਾ ਖੇਤਰ ‘ਚ ਨੌਕਰੀ ਹਾਸਲ ਕਰਨ ਵਾਲੀ ਸਨਪ੍ਰੀਤ ਕੌਰ ਨੇ ਦੱਸਿਆ ਕਿ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਉਸਦੀ ਨਾਮੀ ਨਿਜੀ ਬੀਮਾ ਕੰਪਨੀ ‘ਚ ਚੋਣ ਹੋਈ ਅਤੇ ਉਸਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ। ਇਨ੍ਹਾਂ ਤਿੰਨੇ ਜਣੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਸ਼ਟਰੀ ਬੇਟੀ ਦਿਵਸ ਮੌਕੇ ਸਨਮਾਨਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਰਾਸ਼ਟਰੀ ਬੇਟੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਸਕੀਮ ਤਹਿਤ ਸ਼ੁਰੂ ਕੀਤੇ ਪ੍ਰੋਗਰਾਮ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ ਇਸ ਨਾਲ ਜਿੱਥੇ ਸਕੂਲਾਂ ‘ਚ ਬੱਚੀਆਂ ਦੀ ਗਿਣਤੀ ਵਧੀ ਹੈ। ਉਥੇ ਹੀ ਸਵੈ ਰੋਜ਼ਗਾਰ ਦੇ ਵੱਖ-ਵੱਖ ਕਿੱਤਿਆਂ, ਆਟਾ ਚੱਕੀ ਤੋਂ ਲੈਕੇ ਬੀਮਾ ਖੇਤਰ ਤੇ ਸੁਰੱਖਿਆ ਦੇ ਖੇਤਰ ‘ਚ ਵੀ ਲੜਕੀਆਂ ਨੇ ਪਹਿਲਕਦਮੀ ਦਿਖਾਈ ਹੈ।
ਡਾ. ਯਾਦਵ ਨੇ ਦੱਸਿਆ ਕਿ ਪਿੰਡਾਂ ‘ਚ ਵੀ ਰਾਸ਼ਟਰੀ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕ੍ਰਿਸ਼ੀ ਸਖੀ ਤਹਿਤ ਆਪਣੀ ਆਮਦਨ ਵਧਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਾਨੂੰ ਲੜਕੀਆਂ ਨੂੰ ਸੁਰੱਖਿਅਤ ਵਾਤਾਵਰਣ ਅਤੇ ਉਨ੍ਹਾਂ ਨੂੰ ਆਪਣੀ ਜਿੰਦਗੀ ਖੁੱਲ੍ਹਕੇ ਜਿਉਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।