ਮੁੱਖ ਮੰਤਰੀ ਕਿਸਾਨਾਂ ਤੋਂ ਮੁਆਫੀ ਮੰਗਣ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ‘ਚ ਅਸਫਲ ਰਹਿਣ ਕਾਰਨ ਅਸਤੀਫਾ ਦੇਣ : ਅਕਾਲੀ ਦਲ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸੂਬੇ ਦੀ ਰਾਜਧਾਨੀ ਵਿਚ ਆਏ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਸੀ ਕਿਉਂਕਿ ਉਹ ਸੰਸਦ ਵਿਚ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਫੇਲ੍ਹ ਹੋ ਗਏ ਤੇ ਆਪਣੇ ਨਾਂ ‘ਤੇ ਲੱਗੇ ਕਿਸਾਨ ਵਿਰੋਧੀ ਧੱਬੇ, ਜੋ ਹੁਣ ਸਾਰੀ ਉਮਰ ਰਹੇਗਾ, ਨੂੰ ਧੋਣ ਲਈ ਸੜਕ ਕੰਢੇ ਡਰਾਮਾ ਕਰਨ ਦੀ ਥਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਜਦੋਂ ਸੰਸਦ ਦਾ ਇਜਲਾਸ ਚਲ ਰਿਹਾ ਹੈ, ਉਦੋਂ ਮੁੱਖ ਮੰਤਰੀ ਆਪਣੇ ਸੰਸਦ ਮੈਂਬਰਾਂ ਨੂੰ ਸਦਨ ਵਿਚ ਪੇਸ਼ ਹੋਏ ਆਰਡੀਨੈਂਸਾਂ ਬਾਰੇ ਬਿੱਲਾਂ ਖਿਲਾਫ ਵੋਟਾਂ ਪਾ ਕੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਸੜਕ ਕੰਢੇ ਆਪਣੇ ਵਿਚਾਰ ਦੱਸ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਨਾ ਸਿਰਫ ਮੁੱਖ ਮੰਤਰੀ ਦੀ ਧੋਖੇਬਾਜ਼ੀ ਬੇਨਕਾਬ ਹੋਈ ਹੈ ਬਲਕਿ ਇਹ ਵੀ ਸਾਬਤ ਹੋਇਆ ਹੈ ਕਿ ਇਹ ਉਹਨਾਂ ਵੱਲੋਂ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ ‘ਤੇ ਚੁੱਕੀਆਂ ਝੂਠੀਆਂ ਸਹੁੰਆਂ ਅਨੁਸਾਰ ਕੀਤੀ ਕਾਰਵਾਈ ਹੀ ਹੈ।

ਮੁੱਖ ਮੰਤਰੀ ਵੱਲੋਂ ਕੀਤੇ ਵਿਸ਼ਵਾਸਘਾਤ ਦੇ ਵੇਰਵੇ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ 2017 ਵਿਚ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਇਸ ਸੂਬਾਈ ਐਕਟ ਵਿਚ ਵੀ ਉਹੀ ਵਿਵਸਥਾਵਾਂ ਸ਼ਾਮਲ ਕੀਤੀਆਂ ਗਈਆਂ, ਜਿਸਦੇ ਖਿਲਾਫ ਹੁਣ ਉਹ ਨਕਲੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਡਾ. ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਬਣਾਈ ਜਿਸਨੇ 2017 ਵਿਚ ਕੀਤੀਆਂ ਸੋਧਾਂ ਦੀ ਸ਼ਲਾਘਾ ਕੀਤੀ ਤੇ ਖੇਤੀਬਾੜੀ ਕਾਰਪੋਰੇਟ ਲੀਹਾਂ ‘ਤੇ ਚਲਾਉਣ ਦੀ ਵਕਾਲਤ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਰਡੀਨੈਂਸਾਂ ਵਾਸਤੇ ਬਣਾਈ ਗਈ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਸਨ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਬੰਧ ਵਿਚ ਮੁੰਬਈ ਮੀਟਿੰਗ ਵਿਚ ਸ਼ਮੂਲੀਅਤ ਵੀ ਕੀਤੀ।

ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਵੀ ਬੇਨਕਾਬ ਕੀਤਾ ਹੈ ਜਿਹਨਾਂ ਨੇ ਮੀਟਿੰਗਾਂ ਦੇ ਵੇਰਵੇ ਜਨਕ ਕੀਤੇ। ਉਹਨਾਂ ਕਿਹਾ ਕਿ ਬਜਾਏ ਕੇਂਦਰੀ ਮੰਤਰੀ ਦੇ ਦਾਅਵੇ ਖਿਲਾਫ ਸੰਸਦ ਵਿਚ ਆਪਣੀ ਪਾਰਟੀ ਰਾਹੀਂ ਵਿਸ਼ੇਸ਼ਅਧਿਕਾਰ ਮਤਾ ਪੇਸ਼ ਕਰਨ ਦੇ, ਮੁੱਖ ਮੰਤਰੀ ਰਾਜਪਾਲ ਦੀ ਰਿਹਾਇਸ਼ ‘ਤੇ ਪੁੱਜ ਕੇ ਫੋਟੋਆਂ ਖਿਚਵਾਉਣ ਵਿਚ ਜੁੱਟ ਗਏ। ਉਹਨਾਂ ਕਿਹਾ ਕਿ ਇਸ ਤਰੀਕੇ ਦਾ ਵਿਵਹਾਰ ਨਿੰਦਣਯੋਗ ਹੈ ਤੇ ਇਹ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ।

- Advertisement -

ਅਕਾਲੀ ਆਗੂ ਨੇ ਸੰਗਰੂਰ ਦੇ ਐਮ ਪੀ ਤੇ ਆਪ ਦੇ ਸੂਬਾ ਕਨਵੀਨਰ ਭਗਵੰਤ ਮਾਨ ਦੀ ਵੀ ਨਿਖੇਧੀ ਕੀਤੀ ਜੋ ਘਟੀਆ ਨਾਟਕਬਾਜ਼ੀ ਵਿਚ ਲੱਗੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋ ਵਾਰ ਦੇ ਐਮ ਪੀ ਨੂੰ ਇਹ ਵੀ ਨਹੀਂ ਪਤਾ ਕਿ ਸੰਸਦ ਵਿਚ ਬਿੱਲ ਹਮੇਸ਼ਾ ਧਵਨੀ ਮਤ ਨਾਲ ਪਾਸ ਹੁੰਦੇ ਹਨ ਅਤੇ ਉਹ ਝੂਠ ਬੋਲ ਕੇ ਕੁਫਰ ਤੋਲ ਰਹੇ ਹਨ ਕਿ ਸੰਸਦ ਵਿਚ ਜ਼ਰੂਰੀ ਵਸਤਾਂ ਐਕਟ ਬਾਰੇ ਕੱਲ• ਕੋਈ ਵੋਟਿੰਗ ਹੀ ਨਹੀਂ ਹੋਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦੇ ਨਾਲ ਰਲ ਗਈ ਤੇ ਜ਼ਰੂਰੀ ਵਸਤਾਂ ਐਕਟ ਦੀਆਂ ਸੋਧਾਂ ਖਿਲਾਫ ਵੋਟਾਂ ਪਾਉਣ ਤੋਂ ਭੱਜ ਗਈ।

Share this Article
Leave a comment