CM ਮਾਨ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ, ਕਿਹਾ ‘ਪਹਿਲਾਂ ਵਾਲੇ ਆਉਂਦੇ ਹੀ ਡਿਪਟੀ ਸੀਐਮ ਬਣ ਗਏ’

Global Team
3 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਫਿਰ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਅੱਜ ਚੰਡੀਗੜ੍ਹ ਦੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 293 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਸੀਐਮ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਸਨ।

ਆਪਣੇ ਭਾਸਣ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ।ਜਿਸ ਤੋਂ ਬਾਅਦ ਪੰਜਾਬੀਆਂ ਦੀ ਰੋਜ਼ਾਨਾ 61 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਦੇ ਨਾਂ ’ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। 25-25 ਸਾਲਾਂ ਦੇ ਠੇਕੇ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਦੁਨੀਆ ‘ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦਾ ਨੌਕਰੀਆਂ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਅਤੇ ਨੌਕਰੀ ਮਿਲਣ ਦੀ ਉਮੀਦ ਛੱਡ ਬੈਠੇ ਸੀ ਪਰ ਪਰਮਾਤਮਾ ਨੇ ਮੇਰੇ ਵਰਗਿਆਂ ਨੂੰ ਉਹ ਪੈੱਨ ਦੇਣੇ ਸੀ, ਜਿਸ ਨਾਲ ਤੁਹਾਡੇ ਘਰਾਂ ‘ਚ ਦੀਵੇ ਜਗਣ ਅਤੇ ਨੌਕਰੀਆਂ ਮਿਲਣ। ਉਨ੍ਹਾਂ ਕਿਹਾ ਕਿ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਅਤੇ ਉਕਤ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿਣ। ਅਸੀਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਅਸੀਂ ਨਿਯੁਕਤੀ ਪੱਤਰ ਦਿੰਦੇ ਹਾਂ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕੁਰਸੀ ‘ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਨਾ ਆਵੇ।

ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਵਲੋਂ ਧਰਨੇ ਲਾਏ ਜਾਂਦੇ ਰਹੇ ਹਨ। ਟੈਂਕੀਆਂ ਉੱਤੇ ਚੜਦੇ ਸੀ ਅਤੇ ਲੀਡਰ ਨਜ਼ਾਰੇ ਲੈਂਦੇ ਸੀ। ਉਨ੍ਹਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੇ ਕਦੇ ਬੇਰੁਜ਼ਗਾਰੀ ਜਾਂ ਗਰੀਬੀ ਨਹੀਂ ਦੇਖੀ। ਉਨ੍ਹਾਂ ਨੂੰ ਜੰਮਦਿਆਂ ਨੂੰ ਹੀ ਸੋਨੇ ਦੇ ਚਮਚੇ ਅਤੇ ਹੂਟਰਾਂ ਦੀਆਂ ਗੱਡੀਆਂ ਮਿਲ ਗਈਆਂ ਅਤੇ ਫਿਰ ਉੱਚੇ ਅਹੁਦੇ ਵਾਲੀਆਂ ਕੁਰਸੀਆਂ ਮਿਲ ਗਈਆਂ। ਆਉਂਦੇ ਹੀ ਡਿਪਟੀ ਸੀਐਮ ਬਣ ਗਏ।

ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਚੱਲ ਰਹੇ ਹਨ। 30 ਹੋਰ ਮਹੱਲਾ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment