CM ਮਾਨ ਵੱਲੋਂ ਪੰਜਾਬ ‘ਚ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਐਲਾਨ!

raajan tiwari
4 Min Read

Punjab News : ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਰਾਸ਼ਨ ਕਾਰਡਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਹਾਡੇ ਘਰ ਵਿੱਚ ਵੀ ਅਜੇ ਤੱਕ ਰਾਸ਼ਨ ਕਾਰਡ ਨਹੀਂ ਬਣਿਆ ਜਾਂ ਤੁਸੀਂ ਸਰਕਾਰ ਦੀ ਮੁਫ਼ਤ ਰਾਸ਼ਨ ਯੋਜਨਾ ਦਾ ਲਾਭ ਲੈਣ ਦੀ ਉਡੀਕ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ 10 ਲੱਖ ਨਵੇਂ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮੁਤਾਬਕ ਇਨ੍ਹਾਂ ਨਵੇਂ ਰਾਸ਼ਨ ਕਾਰਡਾਂ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਰਾਸ਼ਨ ਦੀ ਸਹੂਲਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੌ : ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਵੱਡਾ ਫਰਜ਼ੀਵਾੜਾ! 11 ਹਜ਼ਾਰ ਕੁਇੰਟਲ ਝੋਨੇ ਦੀ ਫਰਜ਼ੀ ਖਰੀਦ ਦਾ ਖ਼ਦਸ਼ਾ, 2 ਅਧਿਕਾਰੀਆਂ ‘ਤੇ ਡਿੱਗੀ ਗਾਜ਼!

ਹੁਣ ਗੱਲ ਕਰਦੇ ਹਾਂ ਕਿ ਇਨ੍ਹਾਂ ਨਵੇਂ ਰਾਸ਼ਨ ਕਾਰਡਾਂ ਵਿੱਚ ਕਿਹੜੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸੂਚੀ ਵਿੱਚ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਮਜ਼ਦੂਰ ਪਰਿਵਾਰਾਂ, ਵਿਧਵਾ ਔਰਤਾਂ, ਕੱਚੇ ਮਕਾਨਾਂ ਵਿੱਚ ਰਹਿਣ ਵਾਲੇ ਅਤੇ ਕਮਾਈ ਕਰਨ ਵਾਲੇ ਮੈਂਬਰ ਤੋਂ ਵਾਂਝੇ ਪਰਿਵਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਸੀਐੱਮ ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਕਾਰਡ ਬਿਨਾਂ ਕਿਸੇ ਸਿਆਸੀ ਸਿਫ਼ਾਰਸ਼, ਪੱਖਪਾਤ ਜਾਂ ਪੈਸੇ ਦੇ ਲੈਣ-ਦੇਣ ਤੋਂ ਬਣਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਰਾਸ਼ਨ ਕਾਰਡ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਕਾਰਡ ਤਿਆਰ ਹੋ ਚੁੱਕੇ ਹਨ ਅਤੇ ਜਲਦ ਹੀ ਲਾਭਪਾਤਰੀਆਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ। ਇਸ ਐਲਾਨ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਲਈ ਵੀ ਅਹਿਮ ਗੱਲ ਕਹੀ ਹੈ, ਜਿਨ੍ਹਾਂ ਨੇ ਰਾਸ਼ਨ ਕਾਰਡ ਲਈ ਅਪਲਾਈ ਕਰਦੇ ਸਮੇਂ ਆਪਣੇ ਬਿਜਲੀ ਮੀਟਰ ਜਾਂ ਘਰ ਦੇ ਪਤੇ ਸਬੰਧੀ ਗਲਤ ਜਾਣਕਾਰੀ ਭਰ ਦਿੱਤੀ ਸੀ।

ਇਹ ਵੀ ਪੜ੍ਹੌ : ਅਮਰੀਕਾ ‘ਚ ਬੈਂਕਿੰਗ ਸਿਸਟਮ ਨੂੰ ਲੱਗਿਆ ਵੱਡਾ ਝਟਕਾ! ਬੈਂਕਿੰਗ ਸਿਸਟਮ ਠੱਪ!

ਮੁੱਖ ਮੰਤਰੀ ਮੁਤਾਬਕ ਅਜਿਹੀਆਂ ਅਰਜ਼ੀਆਂ ਨੂੰ ਸਿੱਧਾ ਰੱਦ ਨਹੀਂ ਕੀਤਾ ਜਾਵੇਗਾ, ਸਗੋਂ ਲੋਕਾਂ ਨੂੰ ਆਪਣੀਆਂ ਗਲਤੀਆਂ ਠੀਕ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਲੋੜਵੰਦ ਪਰਿਵਾਰ ਇਸ ਵਾਰ ਨਵੀਂ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੇ, ਉਹ ਵੀ ਮੁੜ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ ਰਾਸ਼ਨ ਯੋਜਨਾ ਤਹਿਤ 1 ਕਰੋੜ 41 ਲੱਖ ਲਾਭਪਾਤਰੀਆਂ ਦਾ ਕੋਟਾ ਮਿਲਿਆ ਹੋਇਆ ਹੈ। ਉਨ੍ਹਾਂ ਮੁਤਾਬਕ ਇਸ ਕੋਟੇ ਵਿੱਚੋਂ ਕਰੀਬ 10 ਲੱਖ ਰਾਸ਼ਨ ਕਾਰਡ ਪਹਿਲਾਂ ਕੱਟੇ ਗਏ ਸਨ ਜਾਂ ਉਨ੍ਹਾਂ ਲਈ ਅਪਲਾਈ ਨਹੀਂ ਕੀਤਾ ਗਿਆ ਸੀ। ਹੁਣ ਇਨ੍ਹਾਂ ਖਾਲੀ ਪਈਆਂ ਥਾਵਾਂ ਦੇ ਮੱਦੇਨਜ਼ਰ ਨਵੇਂ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਸ਼ਹੀਦਾਂ ਅਤੇ ਫ਼ਕੀਰਾਂ ਦੀ ਧਰਤੀ ਹੈ ਅਤੇ ਇੱਥੇ ਕੋਈ ਵੀ ਵਿਅਕਤੀ ਭੁੱਖਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਮੁੜ ਦਾਅਵਾ ਕੀਤਾ ਕਿ 10 ਲੱਖ ਨਵੇਂ ਰਾਸ਼ਨ ਕਾਰਡ ਬਿਨਾਂ ਕਿਸੇ ਸਿਫ਼ਾਰਸ਼ ਅਤੇ ਪੈਸੇ ਦੇ ਲੈਣ-ਦੇਣ ਤੋਂ ਬਣਾਏ ਗਏ ਹਨ। ਹੁਣ ਇਸ ਐਲਾਨ ਤੋਂ ਬਾਅਦ ਲੱਖਾਂ ਪਰਿਵਾਰਾਂ ਦੀ ਨਜ਼ਰ ਇਸ ਗੱਲ ‘ਤੇ ਰਹੇਗੀ ਕਿ ਉਨ੍ਹਾਂ ਦੇ ਘਰਾਂ ਤੱਕ ਰਾਸ਼ਨ ਕਾਰਡ ਕਦੋਂ ਪਹੁੰਚਦੇ ਹਨ ਅਤੇ ਨਵੇਂ ਲਾਭਪਾਤਰੀਆਂ ਲਈ ਅਗਲੀ ਪ੍ਰਕਿਰਿਆ ਕਿਵੇਂ ਸ਼ੁਰੂ ਹੁੰਦੀ ਹੈ।

Share This Article
Leave a Comment