CM ਮਾਨ ਨੇ ਹਲਕਾ ਧੂਰੀ ਤੋਂ 2 ਟੋਲ ਪਲਾਜ਼ਾ ਬੰਦ ਕਰਨ ਦਾ ਕੀਤਾ ਐਲਾਨ

Rajneet Kaur
5 Min Read

ਸੰਗਰੂਰ: ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਉਂ ਜੋ ਇਨ੍ਹਾਂ ਦੋਵਾਂ ਦੀ ਮਿਆਦ ਐਤਵਾਰ ਤੋਂ ਅੱਧੀ ਰਾਤ ਨੂੰ ਖਤਮ ਹੋਣ ਜਾ ਰਹੀ ਹੈ। ਮਾਨ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ। ਸਮਾਂ ਨਾ ਦੇਣ ‘ਤੇ 50 ਕਰੋੜ ਦਾ ਮੁਆਵਜ਼ਾ ਮੰਗਿਆ ਸੀ। ਕੰਪਨੀ ਇਸ ਲਈ ਕੋਰੋਨਾ ਤੇ ਕਿਸਾਨ ਅੰਦੋਲਨ ਦੇ ਸਮੇਂ ਹੋਏ ਨੁਕਸਾਨ ਦਾ ਤਰਕ ਦੇ ਰਹੀ ਸੀ। ਕੋਈ ਦੂਜੀ ਸਰਕਾਰ ਹੁੰਦੀ ਤਾਂ 6 ਦੀ ਜਗ੍ਹਾ 10 ਮਹੀਨੇ ਦੇ ਦਿੰਦੀ ਕਿ ਬਾਕੀ ਪੈਸਾ ਸਾਨੂੰ ਦੇ ਦੇਣਾ। ਪਰ ਆਪ ਸਰਕਾਰ ਨੇ ਕੰਪਨੀ ਦੀ ਮੰਗ ਖਾਰਜ ਕਰ ਦਿੱਤੀ। ਰਾਤ 12 ਵਜੇ ਦੇ ਬਾਅਦ ਦੋਵੇਂ ਟੋਲ ਪਲਾਜ਼ਾ ਬੰਦ ਹੋ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਟੋਲ 5 ਸਤੰਬਰ, 2015 ਨੂੰ ਸੱਤ ਸਾਲਾਂ ਦੇ ਅਰਸੇ ਲਈ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਟੋਲ ਤਤਕਾਲੀ ਅਕਾਲੀ ਸਰਕਾਰ ਦਾ ‘ਤੋਹਫ਼ਾ’ ਹੈ ਜਿਸ ਦਾ ਉਮੀਦਵਾਰ ਅਪ੍ਰੈਲ, 2015 ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਜਿੱਤਿਆ ਸੀ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਇਹ ਟੋਲ ਸਥਾਪਿਤ ਨਹੀਂ ਕੀਤਾ ਜਾਵੇਗਾ ਪਰ ਜ਼ਿਮਨੀ ਚੋਣ ਜਿੱਤਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਉਮੀਦਵਾਰ ਨੇ ਯੂ-ਟਰਨ ਲੈ ਲਿਆ ਅਤੇ ਉਸੇ ਸਾਲ ਸਤੰਬਰ ਵਿੱਚ ਟੋਲ ਚਾਲੂ ਕਰ ਦਿੱਤਾ ਗਿਆ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੱਤ ਸਾਲਾਂ ਤੱਕ ਲੋਕਾਂ ਨੇ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਣ ਲਈ ਆਪਣੀਆਂ ਜੇਬਾਂ ਵਿੱਚੋਂ ਵੱਡੀ ਰਕਮ ਖਰਚ ਕੀਤੀ ਹੈ। ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਵੀ ਟੋਲ ਦਰਾਂ ਦੇ ਵਧਣ ਦਾ ਮੁੱਦਾ ਉਠਾਇਆ ਸੀ ਪਰ ਕੁਝ ਨਾ ਬਣਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਉਂ ਜੋ ਟੋਲ ਪਲਾਜ਼ਿਆਂ ਦੀ ਮਿਆਦ 4 ਸਤੰਬਰ ਦੀ ਅੱਧੀ ਰਾਤ ਤੱਕ ਖਤਮ ਹੋ ਜਾਵੇਗੀ, ਇਸ ਲਈ ਸੋਮਵਾਰ ਤੋਂ ਇਹ ਟੋਲ ਪਲਾਜ਼ੇ ਚਾਲੂ ਨਹੀਂ ਹੋਣਗੇ।

ਇਸ ਕਦਮ ਨੂੰ ਲੋਕਾਂ ਲਈ ਵੱਡੀ ਰਾਹਤ ਦੱਸਦਿਆਂ ਮੁੱਖ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕ ਸੋਮਵਾਰ ਤੋਂ ਇਨ੍ਹਾਂ ਦੋਵਾਂ ਟੋਲ ਪਲਾਜ਼ਿਆਂ ‘ਤੇ ਬਿਨਾਂ ਕਿਸੇ ਟੋਲ ਫੀਸ ਦੇ ਸੜਕ ‘ਤੇ ਲੰਘ ਸਕਦੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਨ੍ਹਾਂ ਟੋਲ ਪਲਾਜ਼ਿਆਂ ਦਾ ਪ੍ਰਬੰਧ ਚਲਾਉਣ ਵਾਲੀਆਂ ਕੰਪਨੀਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ 20 ਮਹੀਨਿਆਂ ਦਾ ਸਮਾਂ ਵਧਾਏ ਜਾਂ ਕੋਵਿਡ ਅਤੇ ਕਿਸਾਨ ਅੰਦੋਲਨ ਕਾਰਨ ਹੋਏ ਭਾਰੀ ਨੁਕਸਾਨ ਲਈ 50 ਕਰੋੜ ਰੁਪਏ ਦਾ ਮੁਆਵਜ਼ਾ ਦੇਵੇ।

- Advertisement -

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਰੋਨਾ ਨਾਲ ਨੁਕਸਾਨ ਦੀ ਗੱਲ ਕਹੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਕੁਦਰਤੀ ਆਫਤ ਸੀ। ਪੂਰੀ ਦੁਨੀਆ ਨੂੰ ਇਸ ਨਾਲ ਨੁਕਸਾਨ ਹੋਇਆ। ਆਮ ਲੋਕਾਂ ਨੂੰ ਵੀ ਘਾਟਾ ਪਿਆ। ਸਾਰਿਆਂ ਨੂੰ ਘਾਟਾ ਸਹਿਣਾ ਪਿਆ ਤਾਂ ਕੰਪਨੀ ਵੀ ਸਹਿਣ ਕਰੇ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗਲਤ ਕਾਨੂੰਨ ਬਣਾਏ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਕੰਪਨੀ ਨੂੰ ਅਸੀਂ ਕੋਈ ਮੁਆਵਜ਼ਾ ਨਹੀਂ ਦੇਵਾਂਗੇ।

Share this Article
Leave a comment