ਪਟਿਆਲਾ: 2 ਅਕਤੂਬਰ ਗਾਂਧੀ ਜੰਯਤੀ ਦੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ CM ਮਾਨ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਨੂੰ ਸੌਗਾਤ ਦੇਣ ਜਾ ਰਹੇ ਹਨ। ਕੌਸ਼ਲਿਆ ਹਸਪਤਾਲ ਨੂੰ ਨਵੇਂ ਆਈ.ਸੀ.ਯੂ. ਅਤੇ ਐਨ.ਆਈ.ਸੀ.ਯੂ ਮਿਲਣ ਜਾ ਰਹੇ ਹਨ। ਦੋਵੇਂ ਮੁੱਖ ਮੰਤਰੀ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਮਿਸ਼ਨ ਸਿਹਤਮੰਦ ਪੰਜਾਬ ਦੀ ਵੀ ਸ਼ੁਰੂਆਤ ਵੀ ਕਰਨਗੇ।
ਡਾ. ਬਲਬੀਰ ਸਿੰਘ ਨੇ ਦਸਿਆ ਕਿ ਆਮ ਆਦਮੀ ਕਲੀਨਿਕ ਅਤੇ CM ਦੀ ਯੋਗਸ਼ਾਲਾ ਦੀ ਸਫ਼ਲਤਾ ਤੋਂ ਬਾਅਦ ਇਹ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਕਦਮ ਹੈ। ਉਨ੍ਹਾਂ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਵੈਂਟੀਲੇਟਰ ਅਤੇ ਕਾਰਡੀਆਕ ਮਾਨੀਟਰ ਵਾਲੇ 66 ਬੈੱਡ ਲਗਾਏ ਗਏ ਹਨ। ਜਿਹੜੇ ਕਿ ਐਮਰਜੈਂਸੀ, ਸਰਜਰੀ ਤੋਂ ਪਹਿਲਾਂ ਤੇ ਬਾਅਦ ਵਿੱਚ ਮਰੀਜਾਂ ਦੀ ਸੰਭਾਲ ਕਰਨਗੇ। ਇਸਦੇ ਨਾਲ ਹੀ ਐਨ.ਆਈ.ਸੀ.ਯੂ. ਨਵਜਾਤ ਬੱਚਿਆਂ ਦੀ ਸੰਭਾਲ ਕਰਨਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਰਾਜ ਅੰਦਰ 664 ਆਮ ਆਦਮੀ ਕਲੀਨਿਕ ਖੋਲ੍ਹੇ, ਜਿਨ੍ਹਾਂ ਵਿੱਚ 58 ਲੱਖ ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਸੂਬਾ ਵਾਸੀਆਂ ਨੂੰ ਬਿਹਤਰ ਤੇ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਆਮ ਆਦਮੀ ਕਲੀਨਿਕ ਬਨਣ ਤੋਂ ਬਾਅਦ ਲੋਕਾਂ ਨੂੰ ਬਿਮਾਰੀਆਂ ਦਾ ਜਲਦੀ ਪਤਾ ਲੱਗ ਜਾਂਦਾ ਹੈ ਅਤੇ ਇਸ ਨਾਲ ਉਨ੍ਹਾਂ ਦੀ ਜਾਨ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਸਹੀ ਇਲਾਜ ਮਿਲਦਾ ਹੈ। ਜਦੋਂਕਿ ਸੀਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਉਤਸ਼ਾਹਿਤ ਕਰ ਰਹੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਢਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੋਂ ਬਾਅਦ ਸਾਡੀ ਸਰਕਾਰ ਦਾ ਅਗਲਾ ਟੀਚਾ ਸੈਕੰਡਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ। ਇਸ ਲਈ 550 ਕਰੋੜ ਖ਼ਰਚਕੇ ਸਾਰੇ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਮਰਜੈਂਸੀ ਬਲਾਕ, ਸੀਟੀ ਸਕੈਨ, ਐਮਆਰਆਈ, ਵੈਂਟੀਲੇਟਰ, ਕਾਰਡੀਅਕ ਮਾਨੀਟਰ ਬੈੱਡ ਆਦਿ ਦੇ ਨਾਲ ਲੈਸ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ 19 ਜ਼ਿਲ੍ਹਾ ਹਸਪਤਾਲ, 6 ਸਬ ਡਵੀਜ਼ਨ ਹਸਪਤਾਲ ਅਤੇ 40 ਕਮਿਊਨਿਟੀ ਹੈਲਥ ਕੇਅਰ ਸੈਂਟਰਾਂ ਨੂੰ ਅਪਗਰੇਡ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਮਰੀਜ਼ ਸੁਵਿਧਾ ਕੇਂਦਰ ਹੋਣਗੇ।ਉਨ੍ਹਾਂ ਕਿਹਾ ਕਿ CM ਮਾਨ ਦਾ ਮੰਨਣਾ ਹੈ ਕਿ ਕਲੀਨਿਕਲ ਇਲਾਜ ਸਿਹਤ ਸੇਵਾਵਾਂ ਦਾ ਸਿਰਫ ਇੱਕ ਪਹਿਲੂ ਹੈ ਜਦਕਿ ਮਾਨਸਿਕ ਅਤੇ ਭਾਵਨਾਤਮਕ ਸਹਾਇਤਾ ਅਤੇ ਹਮਦਰਦੀ ਦੂਜਾ ਮੁੱਖ ਪਹਿਲੂ ਹੈ, ਇਸ ਲਈ ਮਰੀਜ਼ਾਂ ਦਾ ਸਹੀ ਮਾਰਗਦਰਸ਼ਨ ਕਰਨ ਲਈ ਮਰੀਜ਼ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ, ਜਿੱਥੇ ਮਰੀਜਾਂ ਲਈ ਪੀਣ ਵਾਲਾ ਪਾਣੀ ਤੇ ਬੈਠਣ ਲਈ ਢੁਕਵੀਂ ਥਾਂ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.