ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP) ਦੇ 6 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਦਲ-ਬਦਲੀ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਸੀਐਮ ਮਾਨ ਆਪਣੇ ਨਾਲ ਪਾਰਟੀ ਦੇ 90 ਵਿਧਾਇਕਾਂ ਨੂੰ ਤਿੰਨ ਵੋਲਵੋ ਬੱਸਾਂ ਵਿੱਚ ਲੈ ਕੇ ਦਿੱਲੀ ਪਹੁੰਚੇ ਸਨ।
ਸੰਵਿਧਾਨ ਅਤੇ ਲੋਕਤੰਤਰ ਦਾ ਮਜ਼ਾਕ: ਭਗਵੰਤ ਮਾਨ
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ, “ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਹੈ ਕਿ ਨਿਯਮਾਂ ਮੁਤਾਬਕ ਪੂਰੀ ਪਾਰਟੀ ਦੋ-ਤਿਹਾਈ ਬਹੁਮਤ ਨਾਲ ਦੂਜੀ ਪਾਰਟੀ ਵਿੱਚ ਰਲੇਵਾਂ ਕਰ ਸਕਦੀ ਹੈ, ਪਰ ਸਿਰਫ਼ ਇੱਕ ਸਦਨ ਦੇ 6-7 ਲੋਕ ਆਪਣੀ ਮਨਮਾਨੀ ਨਹੀਂ ਕਰ ਸਕਦੇ। ਇਹ ਲੋਕਤੰਤਰ ਦਾ ਸ਼ਰੇਆਮ ਮਜ਼ਾਕ ਹੈ।”
ਮਾਨ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਸਿਰਫ਼ 2 ਵਿਧਾਇਕ ਹਨ, ਪਰ ਰਾਜ ਸਭਾ ਵਿੱਚ ਹੁਣ ਉਨ੍ਹਾਂ ਦੇ 6 ਸਾਂਸਦ ਹੋ ਗਏ ਹਨ, ਜੋ ਕਿ ਸੰਵਿਧਾਨਕ ਤੌਰ ‘ਤੇ ਗਲਤ ਹੈ। ਉਨ੍ਹਾਂ ਨੇ ਸੰਵਿਧਾਨ ਵਿੱਚ ਸੋਧ ਕਰਕੇ ‘ਰਾਈਟ ਟੂ ਰਿਕਾਲ’ (ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ) ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਭਰੋਸਾ ਦਿੱਤਾ ਕਿ ਇਸ ਬਾਰੇ ਕਾਨੂੰਨੀ ਮਾਹਰਾਂ ਦੀ ਰਾਇ ਲਈ ਜਾਵੇਗੀ।
ਰਾਘਵ ਚੱਢਾ ਦੀ ‘ਧਮਕੀ’ ‘ਤੇ ਮਾਨ ਦਾ ਪਲਟਵਾਰ
ਮੁੱਖ ਮੰਤਰੀ ਮਾਨ ਤੋਂ ਪਹਿਲਾਂ ‘ਆਪ’ ਛੱਡ ਕੇ ਭਾਜਪਾ ਵਿੱਚ ਗਏ ਸਾਂਸਦ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਰਾਘਵ ਚੱਢਾ ਨੇ ‘ਆਪ’ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ “ਆਮ ਆਦਮੀ ਪਾਰਟੀ ਖ਼ਤਰਨਾਕ ਖੇਡ ਖੇਡ ਰਹੀ ਹੈ, ਜਿਸ ਦਾ ਅੰਤ ਵੀ ਖ਼ਤਰਨਾਕ ਹੋਵੇਗਾ। ਤੁਹਾਡੇ ਕੋਲ ਸਿਰਫ਼ ਇੱਕ ਰਾਜ ਦੀ ਪੁਲਿਸ ਹੈ, ਜਦਕਿ ਸਾਡੇ (ਭਾਜਪਾ) ਕੋਲ 21 ਰਾਜਾਂ ਦੀ ਪੁਲਿਸ ਹੈ।”
ਰਾਘਵ ਚੱਢਾ ਦੇ ਇਸ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸੀਐਮ ਮਾਨ ਨੇ ਕਿਹਾ, “ਕੀ ਉਹ ਸਾਨੂੰ 21 ਰਾਜਾਂ ਦੀ ਪੁਲਿਸ ਨਾਲ ਧਮਕਾ ਰਹੇ ਹਨ? ਕੀ ਉਹ ਸਾਡੇ ਖਿਲਾਫ 21 ਪਰਚੇ ਦਰਜ ਕਰਵਾਉਣਗੇ?” ਉਨ੍ਹਾਂ ਅੱਗੇ ਕਿਹਾ ਕਿ ਵਾਰੀ ਸਭ ਦੀ ਆਵੇਗੀ, ਪਰ ਸਭ ਕੁਝ ਕਾਨੂੰਨੀ ਤਰੀਕੇ ਨਾਲ ਹੀ ਕੀਤਾ ਜਾਵੇਗਾ।
ਵਾਸ਼ਿੰਗ ਮਸ਼ੀਨ’ ਬਣੀ ਭਾਜਪਾ: ਮਾਨ
ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਭਗਵੰਤ ਮਾਨ ਨੇ ਭਾਜਪਾ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਕੋਈ ਅਜਿਹਾ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਜੋ 5-6 ਲੋਕ ਇਕੱਠੇ ਹੋ ਕੇ ਇਹ ਨਾ ਕਹਿ ਸਕਣ ਕਿ ਸਾਡੀ ਪਾਰਟੀ ਵੱਖਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਿਰਫ਼ ਇੱਕ ‘ਵਾਸ਼ਿੰਗ ਮਸ਼ੀਨ’ ਵਜੋਂ ਜਾਣੀ ਜਾਂਦੀ ਹੈ, ਜਿੱਥੇ ਜਾ ਕੇ ਸਾਰੇ ਦਾਗ ਧੋਤੇ ਜਾਂਦੇ ਹਨ।

