ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਚੋਣਾਂ ਲਈ ਤੈਅ ਕੀਤੀ ਤਾਰੀਖ 14 ਫ਼ਰਵਰੀ ਨੂੰ ਬਦਲ ਕੇ ਕੋਈ ਹੋਰ ਤਰੀਕ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ ।
ਚੰਨੀ ਨੇ ਪੱਤਰ ਚ ਕਿਹਾ ਕਿ ਸੂਬੇ ਚ ਰਹਿਣ ਵਾਲੀ 32 ਫ਼ੀਸਦ ਆਬਾਦੀ ਜੋ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਹੈ , ਉਨ੍ਹਾਂ ਦੇ ਨੁਮਾਇੰਦਿਆਂ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ 16 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ । ਇਸ ਮੌਕੇ , 10 ਫਰਵਰੀ ਤੋਂ ਲੈ ਕੇ 16 ਫਰਵਰੀ ਤਕ ਵੱਡੀ ਗਿਣਤੀ ਚ ਇਸ ਵਰਗ ਨਾਲ ਸਬੰਧਤ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਬਨਾਰਸ ਯਾਤਰਾ ਤੇ ਹੋਣਗੇ ਤੇ ਇਨ੍ਹਾਂ ਦੀ ਗਿਣਤੀ ਤਕਰੀਬਨ 20 ਲੱਖ ਤਕ ਹੋ ਸਕਦੀ ਹੈ । ਇਹੋ ਜਿਹੇ ਹਾਲਾਤ ਇੱਕ ਵੱਡੀ ਗਿਣਤੀ ਚ ਲੋਕ ਆਪਣੇ ਮੌਲਿਕ ਅਧਿਕਾਰ ‘ਵੋਟ ਦੀ ਵਰਤੋਂ’ ਨਹੀਂ ਕਰ ਸਕਣਗੇ ।
ਇਸ ਨੂੰ ਵੇਖਦੇ ਹੋਏ ਉਨ੍ਹਾਂ ਨੁਮਾਇੰਦਿਆਂ ਵੱਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਵੋਟ ਪਾਉਣ ਦੀ ਤਾਰੀਖ ਤੈਅ ਤਰੀਕ ਤੋਂ ਕੁਝ ਅੱਗੇ ਪਾ ਦਿੱਤੀ ਜਾਵੇ ਤਾਂ ਜੋ ਸਾਰੇ ਸ਼ਰਧਾਲੂ 10 ਫਰਵਰੀ ਤੋਂ 16 ਫਰਵਰੀ ਤਕ ਆਪਣੀ ਯਾਤਰਾ ਪੂਰੀ ਕਰਕੇ ਵਾਪਸ ਪਰਤ ਆਉਣਗੇ ਤੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ ।
ਇਸ ਸਾਰੇ ਪ੍ਰੋਗਰਾਮ ਨੂੰ ਵੇਖਦੇ ਹੋਏ ਇਹੋ ਸਹੀ ਹੋਵੇਗਾ ਕਿ ਵੋਟਾਂ ਪਾਉਣ ਦੀ ਤਰੀਕ ਨੂੰ ਘੱਟੋ ਘੱਟ 6 ਦਿਨ ਅੱਗੇ ਕਰ ਦਿੱਤਾ ਜਾਵੇ ਤਾਂ ਜੋ 20 ਲੱਖ ਲੋਕ ਵੀ ਆਪਣੇ ਸੰਵਿਧਾਨਿਕ ਅਧਿਕਾਰ ਵੋਟ ਦੀ ਵਰਤੋਂ ਕਰ ਸਕਣ ।
ਅਖੀਰ ਵਿੱਚ ਮੁੱਖ ਮੰਤਰੀ ਚੰਨੀ ਨੇ ਕਿਹਾ, ਉਨ੍ਹਾਂ ਨੂੰ ਯਕੀਨ ਹੈ ਕਿ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਧਿਆਨ ਚ ਰੱਖਦੇ ਹੋਇਆ ਵੋਟ ਪਾਉਣ ਦੀ ਤਾਰੀਖ ਤੇ ਮੁੜ ਵਿਚਾਰਾਂ ਕਰ ਕੇ ਅੱਗੇ ਪਾ ਦਿੱਤਾ ਜਾਵੇਗਾ ।