ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ ਮਨੋਹਰ ਸਿੰਘ ਨੇ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਨਿੱਤਰਨਗੇ । ਦੱਸ ਦੇਈਏ ਕਿ ਡਾ ਮਨੋਹਰ ਸਿੰਘ ਪੇਸ਼ੇਵਰ ਡਾਕਟਰ ਹਨ ਤੇ ਉਹਨਾਂ ਨੇ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੋਣਾਂ ਚ ਖੜ੍ਹੇ ਹੋਣ ਦਾ ਮਨ ਬਣਾਇਆ । ਹਲਕਾ ਬਸੀ ਪਠਾਣਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਚ ਪੈਂਦਾ ਹੈ ਤੇ ਇਹ ਸੀਟ ਅਨੁਸੂਚਿਤ ਜਾਤੀਆਂ ਲਈ ਸੁਰੱਖਿਅਤ ਕੈਟੇਗਰੀ ਹੇਠ ਆਉਂਦੀ ਹੈ ।
ਡਾ ਮਨੋਹਰ ਸਿੰਘ ਨੂੰ ਕਾਂਗਰਸ ਤੋਂ ਟਿਕਟ ਮਿਲਣ ਦੀ ਉਮੀਦ ਸੀ ਪਰ ਬਸੀ ਪਠਾਣਾ ਹਲਕੇ ਤੋਂ ਕਾਂਗਰਸ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਹੈ । ਇਸ ਲਿਹਾਜ਼ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਜੋ ਕਿ ਚਮਕੌਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ, ਦੇ ਭਰਾ ਕਾਂਗਰਸ ਉਮੀਦਵਾਰ ਦੇ ਸਾਹਮਣੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਦੇ ਮੈਦਾਨ ਚ ਟੱਕਰ ਦੇਣਗੇ ।
ਦੱਸ ਲਾਇਆ ਜਾ ਰਿਹਾ ਹੈ ਕਿ ਡਾ ਮਨੋਹਰ ਸਿੰਘ ਨੂੰ ਕਾਂਗਰਸ ਦੀ ਨੀਤੀ ‘ਇਕ ਪਰਿਵਾਰ ਚੋਂ ਇੱਕ ਸੀਟ’ ਕਰ ਕੇ ਟਿਕਟ ਨਹੀਂ ਦਿੱਤੀ ਗਈ ਹੈ ਤੇ ਇਸ ਨਾਲ ਹੀ ਕਾਂਗਰਸ ਪਾਰਟੀ ਚ ਬਗ਼ਾਵਤੀ ਸੁਰਾਂ ਦੀ ਆਵਾਜ਼ ਮੁੱਖ ਮੰਤਰੀ ਚੰਨੀ ਦੇ ਆਪਣੇ ਘਰ ਤੋਂ ਹੀ ਸਾਹਮਣੇ ਆ ਗਈ ਹੈ। ਡਾ ਮਨੋਹਰ ਸਿੰਘ ਪਿਛਲੇ ਦਿਨੀਂ ਆਪਣੇ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਤੇ ਲੋਕਾਂ ਦੀ ਹਮਾਇਤ ਲੈ ਕੇ ਵਧੇਰੇ ਵਿਸ਼ਵਾਸ ਵਿਚ ਦਿਸ ਰਹੇ ਸਨ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਿਕਟਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਿੱਚ ਖਾਸਾ ਘਮਸਾਣ ਰਿਹਾ ਹੈ।ਕਿਹਾ ਜਾ ਰਿਹਾ ਸੀ ਕਿ ਚੰਨੀ , ਜਾਖੜ ਤੇ ਸਿੱਧੂ ਨੇ ਕਈ ਉਮੀਦਵਾਰਾਂ ਦੇ ਹੱਕ ਤੇ ਕਈਆਂ ਦੇ ਵਿਰੋਧ ਵਿੱਚ ਹਾਈਕਮਾਂਡ ਕੋਲ ਇਤਰਾਜ਼ ਦਰਜ ਕੀਤਾ ਸੀ । ਇਸ ਦੇ ਨਾਲ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਮੌਜੂਦਾ ਤਕਰੀਬਨ 15 ਵਿਧਾਇਕਾਂ ਜਾਂ ਆਗੂਆਂ ਦੀ ਟਿਕਟ ਘਟ ਸਕਦੀ ਹੈ ਪਰ ਪਹਿਲੀ ਆਈ ਲਿਸਟ ਦੇ ਮੁਤਾਬਕ ਐਸਾ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ।
ਹੁਣ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਚੰਨੀ ਦਾ ਆਪਣੇ ਭਰਾ ਦੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਡ਼੍ਹੇ ਹੋਣ ਤੇ ਕਿਹੋ ਜਿਹਾ ਰੁਝਾਨ ਹੋਵੇਗਾ।