ਸੀਏਏ, ਐਨਆਰਸੀ, ਐਨਪੀਆਰ ਬਾਰੇ ਸਰਬ ਪਾਰਟੀ ਬੈਠਕ ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਮੁੱਖ ਮੰਤਰੀ-ਹਰਪਾਲ ਸਿੰਘ ਚੀਮਾ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਅਤੇ ਕੌਮੀ ਅਬਾਦੀ ਰਜਿਸਟਰ (ਐਨਪੀਆਰ) ਵਰਗੇ ਜਟਿਲ ਅਤੇ ਵਿਵਾਦਗ੍ਰਸਤ ਮੁੱਦਿਆਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸਰਬ ਪਾਰਟੀ ਬੈਠਕ ਤੇ ਫਿਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੀਏਏ, ਐਨਸੀਆਰ ਅਤੇ ਐਨਪੀਆਰ ਨੂੰ ਸਾਰੇ ਰਾਜਾਂ ‘ਚ ਲਾਗੂ ਕਰਨ ਬਾਰੇ ਜਾਰੀ ਤੁਗ਼ਲਕੀ ਫ਼ਰਮਾਨ ‘ਤੇ ਪੰਜਾਬ ਨੂੰ ਕੀ ਕਦਮ ਉਠਾਉਣੇ ਚਾਹੀਦੇ ਹਨ, ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਦੀਆਂ ਸਾਰੀਆਂ ਧਿਰਾਂ ਨਾਲ ਵਿਚਾਰ ਚਰਚਾ ਕਰਕੇ ਅੰਤਿਮ ਫ਼ੈਸਲਾ ਲਵੇ। ਜਿਸ ਲਈ ਕੈਪਟਨ ਅਮਰਿੰਦਰ ਸਿੰਘ ਬਿਨਾਂ ਦੇਰੀ ਕੀਤਿਆਂ ਸਭ ਤੋਂ ਪਹਿਲਾਂ ਪੰਜਾਬ ਨਾਲ ਸੰਬੰਧਿਤ ਸਮੂਹ ਸਿਆਸੀ ਦਲਾਂ ‘ਤੇ ਆਧਾਰਿਤ ਸਰਬ ਪਾਰਟੀ ਬੈਠਕ ਬੁਲਾਉਣ। ਉਸ ਉਪਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਕੇਰਲ ਸਰਕਾਰ ਦੀ ਤਰਜ਼ ‘ਤੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ।

ਚੀਮਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਇਜਲਾਸ ਦਾ ਲਾਈਵ ਟੈਲੀਕਾਸਟ ਹੋਵੇ ਤਾਂ ਕਿ ਇਨ੍ਹਾਂ ਵਿਵਾਦਗ੍ਰਸਤ ਅਤੇ ਸੰਵੇਦਨਸ਼ੀਲ ਮੁੱਦਿਆਂ ‘ਤੇ ਕਿਹੜੀ ਪਾਰਟੀ ਕੀ ਸਟੈਂਡ ਲੈਂਦੀ ਹੈ ਅਤੇ ਕਿਹੜੀ ਪਾਰਟੀ ਦੋਗਲੀ ਬੋਲੀ ਬੋਲਦੀ ਹੈ, ਪੰਜਾਬ ਦੇ ਲੋਕ ਸਿੱਧਾ ਸੁਣ ਸਕਣ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਨੂੰ ਜੋੜਨ ਦੀ ਥਾਂ ਤੋੜਨ ਅਤੇ ਆਪਸੀ ਸਾਂਝ ‘ਚ ਕੁੜੱਤਣ ਘੌਲਣ ਵਾਲੇ ਇਨ੍ਹਾਂ ਬੇਲੋੜੇ ਅਤੇ ਬੇਤੁਕੇ ਕਾਨੂੰਨਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੂਬਿਆਂ ‘ਤੇ ਧੱਕੇ ਨਾਲ ਥੋਪ ਨਹੀਂ ਸਕਦੀ।

- Advertisement -

ਚੀਮਾ ਨੇ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੇਘਪਾਲ ਵੱਲੋਂ ਸੂਬਾ ਸਰਕਾਰਾਂ ਨੂੰ ਦਿੱਤੀ ਘੁਰਕੀ ਨਿਖੇਧੀ ਜਨਕ ਅਤੇ ਸੰਘੀ ਢਾਂਚੇ ਤਹਿਤ ਰਾਜਾਂ ਨੂੰ ਸੰਵਿਧਾਨਿਕ ਤੌਰ ‘ਤੇ ਮਿਲੇ ਅਧਿਕਾਰਾਂ ‘ਤੇ ਸਿੱਧਾ ਡਾਕਾ ਹੈ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਫ਼ਦ ਇਨ੍ਹਾਂ ਭਖਵੇਂ ਮੁੱਦਿਆਂ ‘ਤੇ ਵਿਸ਼ੇਸ਼ ਇਜਲਾਸ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰ ਰਿਹਾ ਹੈ।

Share this Article
Leave a comment