ਨਵੀਂ ਦਿੱਲੀ: ਸਿੰਘੂ ਬਾਰਡਰ ਵਿਖੇ ਸਥਾਨਕ ਲੋਕਾਂ ਨੇ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਸਿੰਘੂ ਬਾਰਡਰ ਨੇੜੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਟੇਜ ਲਗਾਈ ਗਈ ਸੀ ਤਾਂ ਉਸ ਦਾ ਵਿਰੋਧ ਕਰਨ ਲਈ ਸਥਾਨਕ ਲੋਕ ਪਹੁੰਚ ਗਏ। ਸ਼ਾਂਤਮਈ ਢੰਗ ਨਾਲ ਬੈਠੇ ਕਿਸਾਨਾਂ ‘ਤੇ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਤੋਂ ਇਲਾਵਾ ਕਿਸਾਨਾਂ ਲਈ ਇਹਨਾਂ ਲੋਕਾਂ ਵੱਲੋਂ ਭੱਦੀ ਸ਼ਬਦਾਵਲੀ ਵੀ ਵਰਤੀ ਗਈ। ਕਿਸਾਨ ਆਪਣਾ ਸ਼ਾਂਤਮਈ ਢੰਗ ਨਾਲ ਨਾਮ ਜਪ ਰਹੇ ਸਨ। ਜਿਸ ਦੌਰਾਨ ਇਹ ਲੋਕ ਹਿੰਸਾ ‘ਤੇ ਉੱਤਰ ਆਏ। ਇਹਨਾਂ ਲੋਕਾਂ ਨੇ ਕਿਸਾਨਾਂ ‘ਤੇ ਡਾਂਗਾ ਨਾਲ ਵੀ ਹਮਲਾ ਕੀਤਾ। ਜਿਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ।
ਮਾਹੌਲ ਨੂੰ ਵਿਗੜਦਾ ਦੇਖ ਦਿੱਲੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਇਹਨਾਂ ਲੋਕਾਂ ਨੂੰ ਰੋਕਣਾ ਚਾਹੁੰਦੀ ਤਾਂ ਰੋਕ ਸਕਦੀ ਸੀ ਪਰ ਪੁਲਿਸ ਨੇ ਹੀ ਇਹਨਾਂ ਨੂੰ ਢਿੱਲ ਦਿੱਤੀ ਹੈ। ਜਿਸ ਕਾਰਨ ਇਹਨਾਂ ਲੋਕਾਂ ਨੇ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੱਥਰ ਅਤੇ ਇੱਟਾਂ ਮਾਰਨੀਆਂ ਸ਼ੁਰੂ ਕੀਤੀਆਂ।
ਇਹ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਕਿਸਾਨ ਆਪਣਾ ਅੰਦੋਲਨ ਖ਼ਤਮ ਕਰਨ। ਲੋਕਾਂ ਮੁਤਾਬਕ ਅੰਦੋਲਨ ਕਾਰਨ ਇਹਨਾਂ ਨੂੰ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ। ਇਸ ਦੌਰਾਨ ਪੁਲਿਸ ਨੇ ਜਦੋਂ ਇਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਇਹਨਾਂ ਦੀ ਝੜਪ ਵੀ ਹੋਈ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਹਨ। ਇਸ ਝੜਪ ਨੇ ਹਿੰਸਕ ਰੂਪ ਧਾਰ ਲਿਆ। ਸਿੰਘੂ ਬਾਰਡਰ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਾਲਾਂਕਿ ਕਿਸਾਨ ਸ਼ਾਂਤੀ ਦੀ ਮੰਗ ਕਰ ਰਹੇ ਹਨ।