ਨਵੀਂ ਦਿੱਲੀ: 1985 ਬੈਚ ਦੇ ਆਈਪੀਐਸ ਸੁਬੋਧ ਕੁਮਾਰ ਜਾਇਸਵਾਲ ਨੂੰ ਸੀਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ ਦੋ ਸਾਲਾਂ ਲਈ ਇਸ ਅਹੁਦੇ ’ਤੇ ਤਾਇਨਾਤ ਰਹਿਣਗੇ। ਇਹ ਹੁਕਮ ਕੇਂਦਰੀ ਪ੍ਰਸੋਨਲ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਹਨ।ਇਹ ਫੈਸਲਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਸੀਬੀਆਈ ਡਾਇਰੈਕਟਰ ਦਾ ਅਹੁਦਾ ਫਰਵਰੀ ਤੋਂ ਖਾਲੀ ਹੈ। ਇਸ ਸਮੇਂ ਨਿਰਦੇਸ਼ਕ ਪ੍ਰਵੀਨ ਸਿਨਹਾ ਸੀ.ਬੀ.ਆਈ. ਨਿਰਦੇਸ਼ਕ ਦਾ ਚਾਰਜ ਸੰਭਾਲ ਰਹੇ ਹਨ। ਸਿਨਹਾ ਨੂੰ ਇਹ ਕਾਰਜ ਰਿਸ਼ੀ ਕੁਮਾਰ ਸ਼ੁਕਲਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਦਿੱਤਾ ਗਿਆ ਸੀ। ਉਹ ਦੋ ਸਾਲ ਦਾ ਕਾਰਜਕਾਲ ਪੂਰਾ ਕਰਣ ਤੋਂ ਬਾਅਦ ਫਰਵਰੀ ਵਿੱਚ ਸੇਵਾਮੁਕਤ ਹੋਏ ਸਨ।
ਉੱਤਰ ਪ੍ਰਦੇਸ਼ ਦੇ ਡੀਜੀਪੀ ਐਚ ਸੀ ਅਵਸਥੀ, ਐਸਐਸਬੀ ਡੀਜੀ ਕੁਮਾਰ ਰਾਜੇਸ਼ ਚੰਦਰ ਅਤੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸੱਕਤਰ ਵੀ ਐਸ ਕੇ ਕੌਮੂਦੀ CBI ਚੀਫ ਦੀ ਦੌੜ ਵਿੱਚ ਮੋਹਰੀ ਸਨ, ਪਰ ਅੰਤ ਵਿੱਚ ਸੁਬੋਧ ਕੁਮਾਰ ਜਾਇਸਵਾਲ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ।
ਜਾਇਸਵਾਲ ਪਹਿਲਾਂ ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਅਹੁਦੇ ‘ਤੇ ਰਹੇ ਹਨ। ਵਰਤਮਾਨ ਵਿੱਚ ਜਾਇਸਵਾਲ ਕੇਂਦਰੀ ਉਦਯੋਗਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਹਨ।