ਨਿਊਜ ਡੈਸਕ : ਪੰਜਾਬ ਅੰਦਰ ਇਸਾਈ ਭਾਈਚਾਰੇ ਦਾ ਮਸਲਾ ਇੰਨੀ ਦਿਨੀਂ ਖੂਬ ਚਰਚਾ ‘ਚ ਹੈ । ਵਾਰਿਸ ਪੰਜਾਬ ਦੇ ਜਥੇਬੰਦੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਸਾਈ ਭਾਈਚਾਰੇ ਵੱਲੋਂ ਰੋਸ ਮੁਜਾਹਰੇ ਵੀ ਕੀਤੇ ਗਏ ਹਨ। ਇਸੇ ਦਰਮਿਆਨ ਹੁਣ ਇੱਕ ਅਜਿਹੀ ਆਡੀਓ ਸਾਹਮਣੇ ਆਈ ਹੈ। ਜਿਸ ਨਾਲ ਹਰ ਪਾਸੇ ਚਰਚਾ ਛਿੜ ਗਈ ਹੈ। ਦਰਅਸਲ ਇੱਕ ਇਸਾਈ ਪਾਸਟਰ ਅਤੇ ਜੱਗੂ ਭਗਵਾਨਪੁਰੀਏ ਦੀ ਦੱਸੀ ਜਾ ਰਹੀ ਇਕ ਆਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਗੱਲ ਕਰਨ ਵਾਲੇ ਵਿਅਕਤੀ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ।
ਵਾਇਰਲ ਹੋ ਰਹੀ ਆਡੀਓ ‘ਚ ਇਸਾਈ ਪਾਸਟਰ ਨੂੰ ਇੱਕ ਫੋਨ ਆਉਂਦਾ ਹੈ। ਫੋਨ ‘ਤੇ ਗੱਲ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦਾ ਹੈ। ਆਡੀਓ ‘ਚ ਇਸਾਈ ਪਾਸਟਰ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਜੱਗੂ ਭਗਵਾਨ ਪੁਰੀਆ ਦੱਸਦਿਆਂ ਕਹਿੰਦਾ ਹੈ ਕਿ ਉਹ ਹੁਸ਼ਿਆਰਪੁਰ ਜੇਲ੍ਹ ‘ਚੋਂ ਗੱਲ ਕਰ ਰਿਹਾ ਹੈ। ਪਾਸਟਰ ਕਹਿੰਦਾ ਹੈ ਕਿ ਮੈਂ ਤਾਂ ਉਸ ਨੂੰ ਕੁਝ ਨਹੀਂ ਕਿਹਾ ਤਾਂ ਅੱਗੋਂ ਅਵਾਜ ਆਉਂਦੀ ਹੈ ਕਿ ਤੂੰ ਕੁਝ ਸਮਾਂ ਸਬਰ ਕਰ ਅਸੀਂ ਤੇਰੇ ਗੋਲੀਆਂ ਮਾਰਨੀਆਂ ਹਨ।
ਦੱਸ ਦੇਈਏ ਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰ ਰਹੇ । ਪਰ ਇੰਨਾ ਜਰੂਰ ਹੈ ਕਿ ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਜੇਲ੍ਹਾਂ ਅੰਦਰ ਮੋਬਾਇਲ ਫੋਨ ਹੋਣ ਦੇ ਮਾਮਲੇ ਅਸੀਂ ਅਕਸਰ ਹੀ ਦੇਖਦੇ ਰਹਿੰਦੇ ਹਾਂ। ਅਜਿਹੇ ਵਿੱਚ ਇਹ ਵਿਅਕਤੀ ਵੀ ਆਪਣੇ ਆਪ ਨੂੰ ਜੇਲ੍ਹ ‘ਚ ਬੰਦ ਦੱਸ ਰਿਹਾ ਹੈ ਜਿਸ ਨੇ ਜੇਲ੍ਹ ਪ੍ਰਸ਼ਾਸਨ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।