ਮੁਹਾਲੀ : ਐਤਵਾਰ ਰਾਤ 8 ਵਜੇ ਮੁਹਾਲੀ ਦੇ ਬਲੌਂਗੀ ਪਿੰਡ ਦੇ ਦੁਸਹਿਰਾ ਗਰਾਉਂਡ ਵਿਖੇ ਸਥਿਤ ਇਕ ਪਾਣੀ ਵਾਲੀ ਟੈਂਕੀ ਵਿਚ ਕਲੋਰੀਨ ਗੈਸ ਦੇ ਸਿਲੰਡਰ ਵਿਚੋਂ ਗੈਸ ਲੀਕ ਹੋ ਜਾਣ ਨਾਲ 50 ਤੋਂ ਵੱਧ ਲੋਕ ਬੇਹੋਸ਼ ਹੋ ਗਏ। ਗੈਸ ਲੀਕ ਹੋਣ ਤੋਂ ਬਾਅਦ ਬਲੌਂਗੀ ਪਿੰਡ ‘ਚ ਹਫੜਾ-ਦਫੜੀ ਮਚ ਗਈ। ਜਿਸ ਤੋਂ ਬਾਅਦ ਬਲੌਂਗੀ ਪਿੰਡ ਦੇ ਐੱਸਐੱਚਓ ਅਮਰਦੀਪ ਸਿੰਘ ਵੱਲੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਅੱਧੇ ਤੋਂ ਵੱਧ ਪਿੰਡ ਨੂੰ ਖਾਲੀ ਕਰਵਾਇਆ ਗਿਆ।
ਪਿੰਡ ਦੀ ਸਰਪੰਚ ਸਰੋਜਾ ਦੇਵੀ ਨੇ ਉਕਤ ਘਟਨਾ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਅਤੇ ਪਾਣੀ ਦਾ ਛਿੜਕਾਅ ਕਰਕੇ ਗੈਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਕਰੀਬ ਡੇਢ ਘੰਟੇ ਦੇ ਅੰਦਰ ਬਲੌਂਗੀ ਪਿੰਡ ‘ਚ ਰਹਿੰਦੇ 50 ਤੋਂ ਵੱਧ ਲੋਕਾਂ ਨੂੰ ਸਿਵਲ ਹਸਪਤਾਲ ਫੇਜ਼ 6 ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਸਾਰੇ ਲੋਕਾਂ ਨੂੰ ਆਕਸੀਜਨ ਗੈਸ ਦੇ ਜ਼ਰੀਏ ਸਥਿਰ ਕੀਤਾ ਗਿਆ।
ਇਲਾਜ ਤੋਂ ਬਾਅਦ 35 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗੈਸ ਇੰਨੀ ਖਤਰਨਾਕ ਸੀ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਰੁਣ ਕੁਮਾਰ, ਫਾਇਰ ਕਰਮਚਾਰੀ ਮਨਿੰਦਰ ਸਿੰਘ ਅਤੇ ਧਰਮਵੀਰ ਗਿਰ ਵੀ ਗੈਸ ਦੀ ਲਪੇਟ ‘ਚ ਆ ਕੇ ਬੇਹੋਸ਼ ਹੋ ਗਏ। ਲੋਕਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਇਆ ਗਿਆ।
ਬਲੌਂਗੀ ਪਿੰਡ ਦੀ ਸਰਪੰਚ ਸਰੋਜਾ ਦੇਵੀ ਨੇ ਦੱਸਿਆ ਕਿ ਅਜ਼ਾਦ ਨਗਰ ਦੀ ਪਾਣੀ ਵਾਲੀ ਟੈਂਕੀ ‘ਚ ਕਲੋਰੀਨ ਗੈਸ ਦਾ ਸਿਲੰਡਰ ਰੱਖਿਆ ਹੋਇਆ ਸੀ। ਸੈਨੀਟੇਸ਼ਨ ਵਿਭਾਗ ਵਲੋਂ ਕਲੋਰੀਨ ਗੈਸ ਦੀ ਮਦਦ ਨਾਲ ਪਾਣੀ ਨੂੰ ਸਾਫ ਕਰਨ ਲਈ ਕੀਤੀ ਜਾਂਦੀ ਹੈ। ਐਤਵਾਰ ਰਾਤ ਨੂੰ 8 ਵਜੇ ਦੇ ਕਰੀਬ ਅਚਾਨਕ ਉਸ ਸਿਲੰਡਰ ਵਿਚੋਂ ਗੈਸ ਲੀਕ ਹੋ ਗਈ, ਜਿਸ ਕਾਰਨ ਬਲੌਂਗੀ ਪਿੰਡ ਦੇ ਆਸ ਪਾਸ ਦੇ ਖੇਤਰ ਦੇ ਕਈ ਲੋਕ ਗੈਸ ਨਾਲ ਬੇਹੋਸ਼ ਹੋ ਗਏ।