ਨੇਪਾਲ ‘ਚ 10 ਦਿਨ ਬਾਅਦ ਸੁਰੰਗ ‘ਚੋਂ ਜ਼ਿੰਦਾ ਬਚਾਇਆ ਚੀਨੀ ਨਾਗਰਿਕ

Global Team
2 Min Read

ਕਾਠਮੰਡੂ: ਨੇਪਾਲ ਵਿੱਚ 26 ਅਗਸਤ ਨੂੰ ਆਏ ਅਚਾਨਕ ਹੜ੍ਹ ਨੇ ਵੱਡੀ ਤਬਾਹੀ ਮਚਾਈ ਸੀ, ਜਿਸ ਤੋਂ ਬਾਅਦ ਹੁਣ ਵੀ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਇਸ ਦੌਰਾਨ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ਵਿੱਚ ਫਸੇ ਇੱਕ ਚੀਨੀ ਮੁਲਾਜ਼ਮ ਨੂੰ 10 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਨੇਪਾਲੀ ਫੌਜ ਲਈ ਇਹ ਇੱਕ ਹੋਰ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਫੌਜ ਨੇ ਇੱਕ ਨੁਕਸਾਨੇ ਹੋਏ ਘਰ ਦੇ ਅੰਦਰ ਮਲਬੇ ਹੇਠ ਦੱਬੀ 64 ਸਾਲਾ ਔਰਤ ਨੂੰ ਵੀ ਜ਼ਿੰਦਾ ਲੱਭ ਕੇ ਬਚਾ ਲਿਆ।

225 ਮੀਟਰ ਲੰਬੀ ਸੁਰੰਗ ‘ਚੋਂ ਰੈਸਕਿਊ

ਨੇਪਾਲ ਦੇ ਤ੍ਰਿਸ਼ੂਲੀ ਇਲਾਕੇ ਵਿੱਚ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ਵਿੱਚੋਂ ਇੱਕ ਹੋਰ ਸਫਲ ਬਚਾਅ ਮੁਹਿੰਮ ਚਲਾਈ ਗਈ। 4 ਸਤੰਬਰ ਨੂੰ ਇਸੇ ਸੁਰੰਗ ਵਿੱਚੋਂ ਦੋ ਨੇਪਾਲੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਹੁਣ ਇੱਕ ਚੀਨੀ ਨਾਗਰਿਕ ਨੂੰ ਵੀ ਜ਼ਿੰਦਾ ਬਚਾ ਲਿਆ ਗਿਆ ਹੈ।

ਨੇਪਾਲੀ ਫੌਜ ਮੁਤਾਬਕ, ਇਸ ਰੈਸਕਿਊ ਆਪਰੇਸ਼ਨ ਵਿੱਚ ਨੇਪਾਲੀ ਫੌਜ ਦੇ ਜਵਾਨਾਂ ਦੇ ਨਾਲ ਦੱਖਣੀ ਕੋਰੀਆ ਦੇ ਆਫ਼ਤ ਰਾਹਤ ਮਾਹਿਰਾਂ ਨੇ ਵੀ ਹਿੱਸਾ ਲਿਆ। ਚੀਨੀ ਕਰਮਚਾਰੀ ਨੂੰ 225 ਮੀਟਰ ਲੰਬੀ ਸੁਰੰਗ ਵਿੱਚੋਂ ਬਾਹਰ ਕੱਢਿਆ ਗਿਆ ਹੈ ਅਤੇ ਇਸ ਤੋਂ ਬਾਅਦ ਉਸ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।

ਹੈਲੀਕਾਪਟਰ ਰਾਹੀਂ ਕੀਤਾ ਏਅਰਲਿਫਟ

ਫੌਜ ਵੱਲੋਂ ਰੈਸਕਿਊ ਆਪਰੇਸ਼ਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਚੀਨੀ ਨਾਗਰਿਕ ਨੂੰ ਹੈਲੀਕਾਪਟਰ ਰਾਹੀਂ ਏਅਰਲਿਫਟ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਦੌਰਾਨ ਫੌਜ ਦਾ ਇੱਕ ਮੈਡੀਕਲ ਕਰਮਚਾਰੀ ਉਸ ਦੀ ਦੇਖਭਾਲ ਕਰਦਾ ਰਿਹਾ।

ਅਧਿਕਾਰੀਆਂ ਅਨੁਸਾਰ, ਨੇਪਾਲ ਵਿੱਚ 12 ਹਾਈਡ੍ਰੋਪਾਵਰ ਪ੍ਰਾਜੈਕਟਾਂ ਨਾਲ ਜੁੜੇ ਕਰੀਬ 900 ਕਰਮਚਾਰੀ ਲਾਪਤਾ ਹਨ। ਇਨ੍ਹਾਂ ਵਿੱਚੋਂ ਲਗਭਗ 500 ਲੋਕਾਂ ਦੇ ਵੱਖ-ਵੱਖ ਸੁਰੰਗਾਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਹੈ।

ਪਿਛਲੇ ਦੋ ਦਿਨਾਂ ਦੌਰਾਨ ਤ੍ਰਿਸ਼ੂਲੀ ਦੀ ਸੁਰੰਗ ਵਿੱਚੋਂ ਫਸੇ ਤਿੰਨ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਬਾਹਰ ਲਿਆਂਦੇ ਗਏ ਲੋਕਾਂ ਨੂੰ ਮੈਡੀਕਲ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਟੁੱਟੇ ਘਰ ‘ਚੋਂ 64 ਸਾਲਾ ਔਰਤ ਬਚਾਈ

ਨੇਪਾਲ ਦੇ ਨੁਵਾਕੋਟ ਸ਼ਹਿਰ ਵਿੱਚ ਵੀ ਫੌਜ ਵੱਲੋਂ ਬਚਾਅ ਮੁਹਿੰਮ ਜਾਰੀ ਹੈ। ਇੱਥੇ ਸ਼ਨੀਵਾਰ, 5 ਸਤੰਬਰ ਨੂੰ ਇੱਕ ਨੁਕਸਾਨੇ ਹੋਏ ਘਰ ਵਿੱਚੋਂ 64 ਸਾਲਾ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।  ਤਬਾਹੀ ਦੇ ਬਾਵਜੂਦ ਔਰਤ ਦਾ ਜ਼ਿੰਦਾ ਮਿਲਣਾ ਰੈਸਕਿਊ ਟੀਮ ਲਈ ਵੱਡੀ ਕਾਮਯਾਬੀ ਹੈ।

Share This Article
Leave a Comment