ਵੁਹਾਨ: ਕੋਰੋਨਾ ਵਾਇਰਸ ਨੂੰ ਜਨਮ ਅਤੇ ਮਾਤ ਦੇਣ ਵਾਲੇ ਚੀਨ ਦੇ ਵੁਹਾਨ ਵਿੱਚ ਸਭ ਕੁਝ ਸਾਧਾਰਨ ਹੋ ਗਿਆ ਹੈ। ਜਿਸ ਤਹਿਤ ਹੁਣ ਸਥਾਨਕ ਸਰਕਾਰ ਮੰਗਲਵਾਰ ਤੋਂ ਸਾਰੇ ਸਕੂਲ ਖੋਲ੍ਹਣ ਜਾ ਰਹੀ ਹੈ।
ਚੀਨ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਹੁਬੇਈ ਸੂਬੇ ਵਿੱਚ ਸਥਿਤ ਵੁਹਾਨ ਸ਼ਹਿਰ ਦੇ 2,842 ਸਿੱਖਿਆ ਸੰਸਥਾਨਾਂ ਨੂੰ ਲਗਭਗ 14 ਲੱਖ ਵਿਦਿਆਰਥੀਆਂ ਲਈ ਖੋਲ੍ਹਿਆ ਜਾਵੇਗਾ। ਇੰਨਾ ਹੀ ਨਹੀਂ ਅੱਜ ਯਾਨੀ ਸੋਮਵਾਰ ਤੋਂ ਵੁਹਾਨ ਯੂਨੀਵਰਸਿਟੀ ਵੀ ਖੋਲ੍ਹ ਦਿੱਤੀ ਗਈ ਹੈ।
ਇਸ ਸਬੰਧੀ ਵੁਹਾਨ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਕਿ ਸਕੂਲ ਖੋਲ੍ਹੇ ਜਾਣ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਮਾਸਕ ਲਗਾ ਕੇ ਸਕੂਲ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਪਬਲਿਕ ਟਰਾਂਸਪੋਰਟ ਤੋਂ ਵੀ ਬਚਿਆ ਜਾਵੇ। ਜਿੰਨਾ ਹੋ ਸਕੇ ਬੱਚਿਆਂ ਨੂੰ ਆਪਣੇ ਨਿੱਜੀ ਵਾਹਨ ‘ਤੇ ਹੀ ਸਕੂਲ ਛੱਡਣ ਦੀ ਕੋਸ਼ਿਸ਼ ਕੀਤੀ ਜਾਵੇ।
ਚੀਨ ਸਰਕਾਰ ਨੇ ਸਕੂਲਾਂ ਨੂੰ ਬਿਮਾਰੀ ਤੋਂ ਬਚਣ ਵਾਲੇ ਯੰਤਰਾਂ ਨੂੰ ਸਕੂਲ ‘ਚ ਤਾਇਨਾਤ ਕਰਨ ਦੇ ਲਈ ਹੁਕਮ ਦਿੱਤੇ ਹਨ। ਬੱਚਿਆਂ ਨੂੰ ਭੀੜ ਇਕੱਠੀ ਕਰਨ ਤੋਂ ਰੋਕਣ ਅਤੇ ਰੋਜ਼ਾਨਾ ਹੈਲਥ ਰਿਪੋਰਟ ਜਮ੍ਹਾਂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਕੂਲ ਵੱਲੋਂ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਨੋਟਿਸ ਨਹੀਂ ਭੇਜਿਆ ਗਿਆ ਉਹ ਸਕੂਲ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ।
ਦੁਨੀਆਂ ਭਰ ਵਿੱਚ ਪਹਿਲੀ ਵਾਰ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦਾ ਪਤਾ ਲੱਗਿਆ ਸੀ। ਚੀਨ ਵਿੱਚ ਕੋਰੋਨਾ ਵਾਇਰਸ ਦੇ 85,000 ਤੋਂ ਵੱਧ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸੀ ਅਤੇ 4600 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
ਚੀਨ ਵਿੱਚ ਤਕਰੀਬਨ 2 ਮਹੀਨੇ ਤੋਂ ਵੱਧ ਸਮੇਂ ਲਾਕਡਾਉਨ ਲੱਗਿਆ ਸੀ ਤੇ ਹੁਣ ਚੀਨ ਸਰਕਾਰ ਸਕੂਲਾਂ ਨੂੰ ਖੋਲ੍ਹਣ ਜਾ ਰਹੀ ਹੈ।