ਨਿਊਜ਼ ਡੈਸਕ: ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਪਰ ਕੁੱਝ ਦੇਸ਼ ਅਜਿਹੇ ਹਨ, ਜਿੱਥੇ ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਵੇਖੀ ਗਈ ਹੈ। ਚੀਨ ਵੀ ਇਨ੍ਹਾਂ ਦੇਸ਼ਾਂ ‘ਚੋਂ ਇੱਕ ਹੈ, ਜਿੱਥੋਂ ਇਸ ਵਾਇਰਸ ਦੀ ਸ਼ੁਰੂਆਤ ਹੋਈ ਸੀ। ਹਾਲਾਂਕਿ, ਚੀਨ ਵਿੱਚ ਇੱਕ ਵਾਰ ਫਿਰ ਵਾਇਰਸ ਦੀ ਦੂਜੀ ਲਹਿਰ ਨੂੰ ਲੈ ਕੇ ਚਿੰਤਾ ਵੱਧ ਗਈ ਹੈ।
ਚੀਨ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ 100 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ, ਅਜਿਹਾ ਪਿਛਲੇ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ ਹੋਇਆ ਹੈ। ਸੰਕਰਮਣ ਦੇ ਫਿਰ ਤੋਂ ਫੈਲਣ ਕਾਰਨ ਚੀਨ ਸਰਕਾਰ ਅਲਰਟ ਹੋ ਗਈ ਹੈ ਪਰ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਹੈ। ਦੱਸ ਦਈਏ ਕਿ, ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਚੀਨ ਦੇ ਵੁਹਾਨ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 101 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ, ਇਨ੍ਹਾਂ ‘ਚੋਂ 98 ਮਾਮਲੇ ਸਥਾਨਕ ਹਨ ਅਤੇ ਤਿੰਨ ਮਾਮਲੇ ਵਿਦੇਸ਼ਾਂ ਤੋਂ ਆਏ ਲੋਕਾਂ ਵਿੱਚ ਰਿਪੋਰਟ ਕੀਤੇ ਗਏ ਹਨ।