ਚੀਨ : ਪ੍ਰਾਇਮਰੀ ਸਕੂਲ ‘ਚ ਸੁਰੱਖਿਆ ਗਾਰਡ ਵੱਲੋਂ ਚਾਕੂ ਨਾਲ ਹਮਲਾ, 40 ਵਿਦਿਆਰਥੀ ਅਤੇ ਪ੍ਰਿੰਸੀਪਲ ਜ਼ਖਮੀ, ਤਿੰਨ ਦੀ ਹਾਲਤ ਗੰਭੀਰ

TeamGlobalPunjab
2 Min Read

ਬੀਜਿੰਗ : ਬੀਤੇ ਵੀਰਵਾਰ ਦੱਖਣੀ ਗੁਆਂਗਸੀ ਪ੍ਰਾਂਤ ਦੇ ਵੂਜੂ ਸ਼ਹਿਰ ਦੇ ਵੈਂਗਫੂ ਟਾਊਨ ਸੈਂਟਰਲ ਪ੍ਰਾਇਮਰੀ ਸਕੂਲ ‘ਚ ਸਵੇਰੇ 8.30 ਵਜੇ ਇੱਕ ਸੁਰੱਖਿਆ ਗਾਰਡ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਹੋਰ ਸਟਾਫ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ‘ਚ 40 ਵਿਦਿਆਰਥੀ ਅਤੇ ਅਕਾਦਮਿਕ ਸਟਾਫ ਦੇ ਮੈਂਬਰ ਜ਼ਖਮੀ ਹੋ ਗਏ। ਜਿਨ੍ਹਾਂ ‘ਚੋਂ ਤਿੰਨ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਵੱਲੋਂ ਉਕਤ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹਾਂਗ ਕਾਂਗ ਸਥਿਤ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਦੱਸਿਆ ਕਿ 50 ਸਾਲਾ ਕਥਿਤ ਹਮਲਾਵਰ ਸਕੂਲ ਦਾ ਸੁਰੱਖਿਆ ਗਾਰਡ ਸੀ। ਹਮਲੇ ‘ਚ ਜ਼ਖਮੀ ਹੋਏ ਵਿਅਕਤੀਆਂ ‘ਚੋਂ ਸਕੂਲ ਦੀ  ਪ੍ਰਿੰਸੀਪਲ, ਇਕ ਹੋਰ ਸੁਰੱਖਿਆ ਗਾਰਡ ਅਤੇ ਇਕ ਵਿਦਿਆਰਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਵੂਜੂ ਸ਼ਹਿਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਜ਼ਿਆਦਾਤਰ ਪ੍ਰੀ-ਸਕੂਲ ਦੇ ਵਿਦਿਆਰਥੀ ਜ਼ਖਮੀ ਹੋਏ ਹਨ ਜਿਨ੍ਹਾਂ ਦੀ ਉਮਰ ਮਹਿਜ਼ ਛੇ ਸਾਲ ਦੇ ਕਰੀਬ ਹੈ।

ਦਰਅਸਲ ਪਿਛਲੇ ਕਈ ਸਾਲਾਂ ਤੋਂ ਚੀਨ ‘ਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਘਟਨਾ ‘ਚ ਹਮਲਾਵਰਾਂ ਨੇ ਆਪਣਾ ਗੁੱਸਾ ਕੱਢਣ ਲਈ ਮੁੱਖ ਤੌਰ ‘ਤੇ ਕਿੰਡਰਗਾਰਡਨ ਅਤੇ ਪ੍ਰਾਇਮਰੀ ਸਕੂਲ ਨੂੰ ਨਿਸ਼ਾਨਾ ਬਣਾਇਆ। ਪਿਛਲੇ ਸਾਲ ਸਤੰਬਰ ਵਿਚ ਕੇਂਦਰੀ ਚੀਨ ਦੇ ਇਕ ਐਲੀਮੈਂਟਰੀ ਸਕੂਲ ਦੇ ਅੱਠ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।

Share This Article
Leave a Comment