ਦਿੱਲੀ ਸਿੰਘ ਸਭਾਵਾਂ ‘ਚ ਕੰਮ ਕਰਦੇ ਰਾਗੀ ਤੇ ਪਾਠੀ ਸਿੰਘਾਂ ਦੇ ਬੱਚਿਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ

TeamGlobalPunjab
3 Min Read

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਵਿਚ ਕੰਮ ਕਰਦੇ ਰਾਗੀ ਤੇ ਪਾਠੀ ਸਿੰਘਾਂ ਦੇ ਬੱਚਿਆਂ ਲਈ ਕਮੇਟੀ ਦੇ ਸਕੂਲਾਂ ਵਿਚ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ।  ਅੱਜ ਇਥੇ ਆਪਣੇ ਹਲਕੇ ਪੰਜਾਬੀ ਬਾਗ ਵਿਚ ਪੈਂਦੇ ਪਸ਼ਚਿਮ ਪੁਰੀ ਵਿਚ ਆਪਣੇ ਚੋਣ ਦਫਤਰ ਤੇ ਰਾਜੌਰੀ ਗਾਰਡਨ ਵਿਚ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਕੋਛੜ ਦੇ ਦਫਤਰ ਦਾ ਉਦਘਾਟਨ ਕਰਦਿਆਂ ਸ੍ਰੀ ਸਿਰਸਾ ਨੇ ਐਲਾਨ ਕੀਤਾ ਕਿ ਰਾਗੀ, ਢਾਡੀ ਤੇ ਗ੍ਰੰਥੀ ਸਿੰਘ ਜੋ ਵੀ ਦਿੱਲੀ ਦੀਆਂ ਸਿੰਘ ਸਭਾਵਾਂ ਵਿਚ ਕੰਮ ਕਰ ਰਹੇ ਹਨ, ਇਹਨਾਂ ਦੇ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ 12ਵੀਂ ਤੱਕ 12 ਸਾਲ ਤੱਕ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮੁਫਤ ਸਿੱਖਿਆ ਪ੍ਰਦਾਨ ਕਰੇਗੀ। ਉਹਨਾਂ ਦੱਸਿਆ ਕਿ ਇਹ ਸਿੱਖਿਆ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਪ੍ਰਦਾਨ ਕੀਤੀ ਜਾਵੇਗੀ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਦਿੱਲੀ ਵਿਚ ਜਲਦੀ ਹੀ ਵੱਖਰੀ ਸਿੱਖ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦਿੱਲੀ ਕਮੇਟੀ ਆਪਣਾ ਮੈਡੀਕਲ ਕਾਲਜ ਵੀ ਜਲਦੀ ਹੀ ਸਥਾਪਿਤ ਕਰੇਗੀ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਦਿੱਲੀ ਕਮੇਟੀ ਦਾ ਨਾਂ ਕੌਮਾਂਤਰੀ ਪੱਧਰ ‘ਤੇ ਬਣਿਆ, ਉਸੇ ਤਰੀਕੇ ਗੁਰੂ ਹਰਿਕ੍ਰਿਸ਼ਨ ਸਕੂਲਾਂ ਦਾ ਵੀ ਕੌਮਾਂਤਰੀ ਪੱਧਰ ‘ਤੇ ਬਣਾਇਆ ਜਾਵੇਗਾ ਤੇ ਇਸ ਉਦੇਸ਼ ਦੀ ਪ੍ਰਾਪਤੀ ਵਾਸਤੇ ਇਹਨਾਂ ਸਕੂਲਾਂ ਵਿਚ ਜੋ ਵੀ ਸੁਧਾਰ ਲੋੜੀਂਦਾ ਹੋਇਆ ਕੀਤਾ ਜਾਵੇਗਾ।ਸਿਰਸਾ ਨੇ ਇਹ ਵੀ ਕਿਹਾ ਕਿ ਦਿੱਲੀ ਕਮੇਟੀ ਸਿੱਖਿਆ ਦੇ ਖੇਤਰ ਵਿਚ ਸੁਧਾਰਾਂ ਦੇ ਨਾਲ ਨਾਲ ਸਿਹਤ ਦੇ ਖੇਤਰ ਵਿਚ ਵੀ ਲੋੜੀਂਦੇ ਸੁਧਾਰ ਲਿਆਉਣ ਵਾਸਤੇ ਹਰ ਉਪਰਾਲਾ ਕਰੇਗੀ ਤਾਂ ਜੋ ਮਹਿੰਗਾਈ ਦੇ ਇਸ ਜ਼ਮਾਨੇ ਵਿਚ ਲੋਕਾਂ ਨੁੰ ਵੱਧ ਤੋਂ ਵੱਧ ਗਿਣਤੀ ਵਿਚ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਉਹਨਾਂ ਇਹ ਵੀ ਕਿਹਾ ਕਿ ਅੱਜ ਪਿਛਲੇ ਦੋ ਸਾਲਾਂ ਵਿਚ ਦਿੱਲੀ ਕਮੇਟੀ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਸਾਰੀ ਦੁਨੀਆਂ ਵਿਚ ਸਿੱਖਾਂ ਦਾ ਮਾਣ ਸਤਿਕਾਰ ਵਧਿਆ ਹੈ। ਉਹਨਾਂ ਕਿਹਾ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਦਿੱਲੀ ਕਮੇਟੀ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰ ਰਿਹਾ ਹੈ ਤੇ ਜਦੋਂ ਦਿੱਲੀ ਪੁਲਿਸ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਾਇਰਨ ਸਲੂਟ ਕਰ ਰਹੀ ਹੈ ਤਾਂ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੀ ਹੈ ਜਿਸਦੀ ਬਦੌਨਤ ਸਿੱਖਾਂ ਨੇ ਕੋਰੋਨਾ ਕਾਲ ਵਿਚ ਵੀ ਲੋਕਾਂ ਵਿਚ ਭੁੱਖੇ ਢਿੱਡ ਨਹੀਂ ਸੌਣ ਦਿੱਤਾ।

ਮੌਜੂਦਾ ਦਿੱਲੀ ਚੋਣਾਂ ਦੀ ਗੱਲ ਕਰਦਿਆਂ ਸ੍ਰੀ ਸਿਰਸਾ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਇਹਨਾਂ ਚੋਣਾਂ ਵਿਚ ਅਸੀਂ ਸਿਰਫ ਹਾਂ ਪੱਖੀ ਗੱਲਾਂ ਹੀ ਕਰਾਂਗੇ ਸਾਡੇ ਵਿਰੋਧੀ ਭਾਵੇਂ ਸਾਡੇ ਖਿਲਾਫ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰ ਲੈਣ। ਉਹਨਾਂ ਕਿਹਾ ਕਿ ਸਾਡੀ ਸੋਚ ਅਗਾਂਹਵਧੂ ਹੈ ਤੇ ਅਸੀਂ ਹਾਂ ਪੱਖੀ ਸੋਚ ਅਨੁਸਾਰ ਹੀ ਚੱਲਣਾ ਹੈ ਭਾਵੇਂ ਸਾਡੇ ਖਿਲਾਫ ਜਿਸ ਤਰੀਕੇ ਦੇ ਮਰਜ਼ੀ ਦੋਸ਼ ਸਾਡੇ ਵਿਰੋਧੀ ਲਗਾ ਲੈਣ, ਅਸੀਂ ਸਿਰਫ ਗੁਰੂ ਸਾਹਿਬ ਦੇ ਤਖਤ ਅੱਗੇ ਨਤਮਸਤਕ ਹੋ ਕੇ ਉਸਦਾ ਓਟ ਆਸਰਾ ਲੈ ਕੇ ਹੀ ਕੰਮ ਕਰਦੇ ਰਹਾਂਗੇ।

- Advertisement -

Share this Article
Leave a comment