ਬਦਲ ਰਿਹੈ ਬਚਪਨ ਦਾ ਦੌਰ, ਨਹੀਂ ਰਹੀਆਂ ਉਹ ਖੇਡਾਂ

TeamGlobalPunjab
2 Min Read

ਨਿਊਜ਼ ਡੈਸਕ :- ਅਤਿ ਦਾ ਭੋਲਾਪਣ ਤੇ ਸਭ ਦਾ ਅਥਾਹ ਪਿਆਰ ਲੈਂਦਾ ਬਚਪਨ। ਸੱਚਮੁੱਚ ਹੀ ਬਾਦਸ਼ਾਹੀ ਦਾ ਦੌਰ ਹੁੰਦਾ ਹੈ ਬਚਪਨ, ਜਿੱਥੇ ਹਰ ਬੱਚਾ ਆਪਣੇ ਪਰਿਵਾਰ ਦਾ ਬੇਤਾਜ ਬਾਦਸ਼ਾਹ ਹੁੰਦਾ ਹੈ। ਅੱਜ-ਕੱਲ੍ਹ ਦੇਖਣ ’ਚ ਆਉਂਦਾ ਹੈ ਕਿ 21ਵੀਂ ਸਦੀ ਦੇ ਬੱਚਿਆਂ ਦਾ ਬਚਪਨ ਬਦਲ ਗਿਆ ਹੈ। ਨਾ ਹੀ ਉਹ ਖੇਡਣ ਤੇ ਨਾ ਹੀ ਘਰਦਿਆਂ ਨਾਲ ਕੋਈ ਗੱਲ ਕਰਨ ’ਚ ਰੁਚੀ ਦਿਖਾਉਂਦੇ ਹਨ। ਉਹ ਆਪਣਾ ਵਧੇਰੇ ਸਮਾਂ ਕਮਰੇ ਦੀ ਚਾਰਦੀਵਾਰੀ ਅੰਦਰ ਗੁਜ਼ਾਰਨਾ ਪਸੰਦ ਕਰਦੇ ਹਨ। ਉਨ੍ਹਾਂ ਦਾ ਇੱਕੋ ਇਕ ਸਾਥੀ ਹੈ ਮੋਬਾਈਲ, ਜਿਸ ਨੇ ਸਭ ਰਿਸ਼ਤਿਆਂ ਦੀ ਜਗ੍ਹਾ ਲੈ ਲਈ ਹੈ।

ਪ੍ਰੋੜ ਉਮਰ ’ਚ ਪੈਰ ਧਰਨ ਸਾਰ ਹੀ ਉਨ੍ਹਾਂ ਦੀਆਂ ਮੰਗਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਮੰਗਾਂ ਵੀ ਜਾਇਜ਼ ਘੱਟ ਤੇ ਨਾਜਾਇਜ਼ ਜ਼ਿਆਦਾ। ਮਾਪੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੇ ਸਮਰੱਥ ਨਾ ਹੁੰਦਿਆਂ ਵੀ ਆਪਣੇ ਬੱਚੇ ਵੱਲੋਂ ਜ਼ਿੱਦ ਕਰਨ ’ਤੇ ਉਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਨ। ਬਸ਼ਰਤੇ ਕਿ ਉਹ ਆਪਣੀ ਚੰਗੇ ਅੰਕਾਂ ਨਾਲ ਪਾਸ ਹੋਣ ਤੇ ਉਨ੍ਹਾਂ ਦਾ ਨਾਂ ਰੋਸ਼ਨ ਕਰਨ।

ਬੱਚੇ ਦੇ ਵਰਤਾਓ ’ਚ ਆਈ ਤਬਦੀਲੀ ਦਾ ਸਿੱਧਾ ਸਬੰਧ ਉਸ ਦੀ ਸੰਗਤ ਨਾਲ ਹੁੰਦਾ ਹੈ। ਅਜਿਹੇ ’ਚ ਬੱਚੇ ਦੁਚਿੱਤੀ ’ਚ ਫਸ ਜਾਂਦੇ ਹਨ। ਨਾ ਤਾਂ ਉਹ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਤੇ ਨਾ ਹੀ ਸੰਗਤ ਦਾ ਸਾਥ ਛੱਡ ਸਕਦੇ ਹਨ। ਅਜਿਹੇ ’ਚ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਮਾੜੀ ਸੰਗਤ ਚੋਂ ਕੱਢਣ ਲਈ ਪਿਆਰ ਨਾਲ ਸਮਝਾਉਣ। ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਾਪਿਆਂ ਦੀਆਂ ਉਨ੍ਹਾਂ ਤੋਂ ਉਮੀਦਾਂ ਤੇ ਆਪਣੀਆਂ ਮੰਗਾਂ ਦਾ ਮੁਲਾਂਕਣ ਕਰਨ ਤੇ ਦੇਖਣ ਕਿ ਮਾਪਿਆਂ ਨੇ ਉਨ੍ਹਾਂ ਲਈ ਕਿੰਨਾ ਕੁਝ ਕੀਤਾ ਹੈ ਤੇ ਬਦਲੇ ‘ਚ ਉਹ ਕੀ ਚਾਹੁੰਦੇ ਹਨ। ਜੇ ਮਾਪਿਆਂ ਦੀਆਂ ਕੁਰਬਾਨੀਆਂ ਵੱਧ ਹੋਣ ਤਾਂ ਨਮੋਸ਼ੀ ਕਾਰਨ ਢਹਿੰਦੀ ਕਲਾ ਵੱਲ ਜਾਣ ਤੋਂ ਚੰਗਾ ਹੈ, ਉਸੇ ਪਲ਼ ਤੋਂ ਹੀ ਖ਼ੁਦ ‘ਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਨ। ਚੰਗਾ ਪਰਿਵਰਤਨ ਨਿਰਸੰਦੇਹ ਚੰਗੇ ਨਤੀਜੇ ਲੈ ਕੇ ਆਵੇਗਾ।

Share this Article
Leave a comment