ਚੰਡੀਗੜ੍ਹ : ਪੰਜਾਬ ‘ਚ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਚਲਾਏ ਗਏ ‘ਆਪ੍ਰੇਸ਼ਨ ਪ੍ਰਹਾਰ 2.0’ ਦੇ ਪੂਰੇ ਹੋਣ ਤੋਂ ਬਾਅਦ, ਅੱਜ ਮੁੱਖ ਮੰਤਰੀ ਭਗਵੰਤ ਮਾਨ ਕਾਨੂੰਨ-ਵਿਵਸਥਾ ਦੇ ਮੁੱਦੇ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਬੈਠਕ ਵਿੱਚ ਮੁੱਖ ਸਕੱਤਰ ਅਤੇ ਡੀ.ਜੀ.ਪੀ. (DGP) ਮੌਜੂਦ ਹਨ। ਇਸ ਤੋਂ ਇਲਾਵਾ ਸਾਰੇ ਪੁਲਿਸ ਕਮਿਸ਼ਨਰ, ਆਈ.ਜੀ. (IG), ਡੀ.ਆਈ.ਜੀ. (DIG) ਅਤੇ ਐੱਸ.ਐੱਸ.ਪੀ. (SSP) ਵੀ ਸ਼ਾਮਲ ਰਹੇ।
ਇਸ ਦੌਰਾਨ ਮੁੱਖ ਮੰਤਰੀ ਨੇ ਕਾਨੂੰਨ-ਵਿਵਸਥਾ ਦੇ ਮੁੱਦੇ ‘ਤੇ ਅਧਿਕਾਰੀਆਂ ਤੋਂ ਫੀਡਬੈਕ ਲਈ । ਨਾਲ ਹੀ ਆਪ੍ਰੇਸ਼ਨ ਪ੍ਰਹਾਰ ਦਾ ਰਿਵਿਊ ਵੀ ਕੀਤਾ ਅਤੇ ਅਪਰਾਧ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਤਿਆਰ ਕੀਤੀ। ਮੁੱਖ ਮੰਤਰੀ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਅਪਰਾਧ ਕਰਨ ਵਾਲੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਵੱਲੋਂ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਕਿ ” ਚੰਡੀਗੜ੍ਹ ਵਿਖੇ ਸੂਬੇ ਭਰ ਦੇ ਪੁਲਿਸ ਕਮਿਸ਼ਨਰਾਂ, ਸਾਰੇ ਜ਼ਿਲ੍ਹਿਆਂ ਦੇ SSPs ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਕੀਤੀ। ਕਾਨੂੰਨ ਵਿਵਸਥਾ ਨਾਲ ਜੁੜੇ ਵੱਖ-ਵੱਖ ਮਸਲਿਆਂ ‘ਤੇ ਵਿਚਾਰ ਚਰਚਾ ਹੋਈ।”
ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਸਖ਼ਤ ਤੋਂ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ। ਨਾਲ ਹੀ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੀ ਵੀ ਸਮੀਖਿਆ ਕੀਤੀ। ਪੰਜਾਬ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਵਚਨਬੱਧ ਹੈ।”
ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਬੀਤੀ 9 ਫਰਵਰੀ ਤੋਂ ਅਪਰਾਧੀਆਂ ਖਿਲਾਫ਼ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਗਿਆ। ਇਹ ਆਪ੍ਰੇਸ਼ਨ ਅਗਲੇ 72 ਘੰਟਿਆਂ ਤੱਕ ਚੱਲਿਆ। ਇਸ ਦੌਰਾਨ ਮੁੱਖ ਫੋਕਸ ਮੋਸਟ ਵਾਂਟਡ ਅਪਰਾਧੀਆਂ ‘ਤੇ ਰਿਹਾ। ਇਸ ਵਾਰ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਗਏ। ਉਹ ਆਪ੍ਰੇਸ਼ਨ ਦੌਰਾਨ ਫੀਲਡ ‘ਚ ਮੌਜੂਦ ਰਹੇ। 12 ਹਜ਼ਾਰ ਪੁਲਿਸ ਮੁਲਾਜ਼ਮਾਂ ਦੀਆਂ 2 ਹਜ਼ਾਰ ਟੀਮਾਂ ਬਣਾਈਆਂ ਗਈਆਂ ਸਨ। ਇਸ ਆਪ੍ਰੇਸ਼ਨ ਤਹਿਤ ਮਿਤੀ 9 ਫ਼ਰਵਰੀ 2026 ਤੋਂ ਲੈਕੇ ਮਿਤੀ 11 ਫ਼ਰਵਰੀ 2026 ਤੱਕ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਤੋੜਨ ਲਈ ਵੱਖ ਵੱਖ ਜਗ੍ਹਾ ਪਰ ਛਾਪੇਮਾਰੀ ਕੀਤੀ ਗਈ ਤਾਂ ਜੋ ਅਪਰਾਧਿਕ ਗਿਰੋਹਾਂ ਦੇ ਜਾਲ ਨੂੰ ਤੋੜ ਕੇ, ਜਨਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਰਾਜ ਵਿਚ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।

