ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਐੱਨਵੀ ਰਮਨਾ ਦੇਸ਼ ਦੇ ਅਗਲੇ ਚੀਫ ਜਸਟਿਸ ਹੋਣਗੇ। ਮੌਜੂਦਾ ਚੀਫ਼ ਜਸਟਿਸ ਐੱਸਏ ਬੋਬਡੇ ਨੇ ਉਨ੍ਹਾਂ ਦੇ ਨਾਮ ਦੀ ਸਿਫ਼ਾਰਿਸ਼ ਸਰਕਾਰ ਨੂੰ ਭੇਜੀ ਹੈ। ਬੀਤੇ ਦਿਨੀਂ ਹੀ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਉਤਰਾਧਿਕਾਰੀ ਵਜੋਂ ਨਾਮ ਭੇਜਣ ਨੂੰ ਕਿਹਾ ਸੀ। ਚੀਫ਼ ਜਸਟਿਸ ਐੱਸਏ ਬੋਬਡੇ 23 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਰਿਟਾਇਰ ਹੋਣ ਵਾਲੇ ਹਨ। ਇਸ ਤੋਂ ਬਾਅਦ ਐੱਨਵੀ ਰਮਨਾ ਵਿਸ਼ੇਸ਼ ਅਦਾਲਤ ਦੇ ਚੀਫ ਜਸਟਿਸ ਵਜੋਂ ਕੰਮਕਾਜ ਦੇਖਣਗੇ।
ਮੌਜੂਦਾ ਚੀਫ਼ ਜਸਟਿਸ ਐੱਸਏ ਬੋਬਡੇ ਤੋਂ ਬਾਅਦ ਐੱਨਵੀ ਰਮਨਾ ਉੱਚ ਅਦਾਲਤ ਵਿੱਚ ਸਭ ਤੋਂ ਸੀਨੀਅਰ ਜੱਜ ਹਨ। ਉਨ੍ਹਾਂ ਦਾ ਕਾਰਜਕਾਲ 26 ਅਗਸਤ 2022 ਤੱਕ ਹੋਵੇਗਾ।
ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਐੱਨਵੀ ਰਮਨਾ ਸਾਲ 2000 ‘ਚ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਸਥਾਈ ਜੱਜ ਵਜੋਂ ਚੁਣੇ ਗਏ ਸਨ। ਫਰਵਰੀ 2014 ਵਿਚ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਤੋਂ ਪਹਿਲਾਂ ਉਹ ਦਿੱਲੀ ਹਾਈ ਕੋਰਟ ਵਿੱਚ ਸਨ।