ਮਾਰਖਮ: ਕੈਨੇਡਾ ਦੇ ਮਾਰਖਮ ਸ਼ਹਿਰ ਦੀ ਇੱਕ ਹੋਰ ਮਸਜਿਦ ਵਿੱਚ ਨਫ਼ਰਤੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ‘ਚ 37 ਸਾਲ ਦੇ ਮੋਹਸਨ ਬਯਾਨੀ ਵਿਰੁੱਧ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਮਾਰਖਮ ਦੇ ਬੇਅਵਿਊ ਅਤੇ ਪ੍ਰੋਕਟਰ ਐਵੇਨਿਊ ਨੇੜੇ ਸਥਿਤ ਮਸਜਿਦ ‘ਚ ਦੇਰ ਸ਼ਾਮ ਵਾਰਦਾਤ ਸਾਹਮਣੇ ਆਈ। ਸਥਾਨਕ ਨਿਊਜ਼ ਚੈਨਲਾਂ ਵਲੋਂ ਪ੍ਰਸਾਰਤ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਐਸ.ਯੂ.ਵੀ. ਵਿੱਚ ਆਇਆ ਇੱਕ ਵਿਅਕਤੀ ਮਸਜਿਦ ਦੇ ਗੇਟ ‘ਤੇ ਆਪਣੀ ਗੱਡੀ ਰੋਕਦਾ ਹੈ ਅਤੇ ਇੱਕ ਹੋਰ ਗੱਡੀ ਦੇ ਡਰਾਈਵਰ ‘ਤੇ ਭੜਕ ਉਠਦਾ ਹੈ। ਇਸ ਤੋਂ ਬਾਅਦ ਉਹ ਮਸਜਿਦ ਅੰਦਰ ਦਾਖਲ ਹੋ ਰਹੇ ਹੋਰ ਲੋਕਾਂ `ਤੇ ਵੀ ਚੀਕਦਾ ਹੈ ਅਤੇ ਮਸਜਿਦ ਤੋਂ ਬਾਹਰ ਜਾ ਰਹੀ ਇੱਕ ਹੋਰ ਗੱਡੀ ਵੱਲ ਜਾਂਦਾ ਨਜ਼ਰ ਆਉਂਦਾ ਹੈ।
ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਦੀਆਂ ਹਰਕਤਾਂ ਦੇਖ ਕੇ ਮਸਜਿਦ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਸ਼ੱਕੀ ਵੱਲੋਂ ਕਈ ਜਣਿਆਂ ‘ਤੇ ਹਮਲਾ ਕੀਤਾ ਗਿਆ। ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਸੋਮਵਾਰ ਬਾਅਦ ਦੁਪਹਿਰ ਇੱਕ ਵਜੇ ਮਿਲੀ। ਰਿਚਮੰਡ ਹਿੱਲ ਦੇ ਮੋਹਸਨ ਬਯਾਨੀ (Mohssen Bayani) ਨੂੰ ਸੋਮਵਾਰ ਦੇਰ ਸ਼ਾਮ 8 ਵਜੇ ਗਿ੍ਫ਼ਤਾਰ ਕਰਦਿਆਂ ਹਮਲਾ ਕਰਨ ਦੇ ਤਿੰਨ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਮਿਸਚੀਫ ਦਾ ਇਕ ਦੋਸ਼ ਆਇਦ ਕੀਤਾ ਗਿਆ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਘਟਨਾ ਦੇ ਕਈ ਹੋਰ ਪੀੜਤ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਪੁਲਿਸ ਨੇ ਇਕ ਗੱਲ ਸਪੱਸ਼ਟ ਕਰ ਦਿੱਤੀ ਕਿ ਇਹ ਘਟਨਾ ਮਾਰਖਮ ਦੀ ਇਕ ਹੋਰ ਮਸਜਿਦ ਵਿਚ 6 ਅਪ੍ਰੈਲ ਨੂੰ ਵਾਪਰੀ ਘਟਨਾ ਨਾਲ ਬਿਲਕੁਲ ਵੀ ਸਬੰਧਤ ਨਹੀਂ। 6 ਅਪ੍ਰੈਲ ਵਾਲੇ ਮਾਮਲੇ ਵਿਚ ਪੁਲਿਸ ਨੇ 28 ਸਾਲ ਦੇ ਸ਼ਰਨ ਕਰੁਣਾਕਰਨ ਨੂੰ ਗਿ੍ਫ਼ਤਾਰ ਕਰਦਿਆਂ ਹਥਿਆਰ ਨਾਲ ਹਮਲਾ ਕਰਨ ਧਮਕੀਆਂ ਦੇਣ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਸਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਨਵੇਂ ਮਾਮਲੇ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 1-866-876-5423 ਐਕਸਟੈਨਸ਼ਨ 7241 ‘ਤੇ ਸੰਪਰਕ ਕਰ ਸਕਦੇ ਹਨ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1-800-222-ਟਿਪਸ ਤੇ ਕਾਲ ਕੀਤੀ ਜਾ ਸਕਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.