ਸੁਮੇਧ ਸੈਣੀ ਨੂੰ ਬਚਾਅ ਰਹੀ ਹੈ ਚੰਨੀ ਸਰਕਾਰ : ਪਰਮਿੰਦਰ ਢੀਂਡਸਾ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਤੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ ਦੇ ਦੋਸ਼ ਲਗਾਏ ਹਨ।

ਪ੍ਰੈੱਸ ਮਿਲਣੀ ਦੌਰਾਨ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਸਮੇਧ ਸੈਣੀ ਨੂੰ ਹਰ ਹਾਲ ਵਿੱਚ ਬਚਾਉਣ ‘ਤੇ ਲੱਗੀ ਹੋਈ ਹੈ।

ਢੀਂਡਸਾ ਨੇ ਵਿਜੀਲੈਂਸ ਬਿਊਰੋ ਵੱਲੋਂ ਸੁਮੇਧ ਸੈਣੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ ਕੀਤੇ ਗਏ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਾਮਲੇ ਦੀ ਹੋਈ ਸੁਣਵਾਈ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਸਰਕਾਰੀ ਵਕੀਲ ਸੁਮੇਧ ਸੈਣੀ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕਰਨ ਦੇ ਬਜਾਏ ਉਸਦੀ ਜਮਾਨਤ ਵਿੱਚ ਮਦਦ ਕਰ ਰਿਹਾ ਹੈ। ਹਾਈਕੋਰਟ ਵਿੱਚ ਸਰਕਾਰੀ ਵਕੀਲ ਵੱਲੋਂ ਸੁਮੇਧ ਸੈਣੀ ਦੀ ਜਮਾਨਤ ਅਰਜ਼ੀ ‘ਤੇ ਕੋਈ ਵਿਰੋਧ ਨਾ ਜਤਾਏ ਜਾਣ ਕਾਰਨ ਹੀ ਉਸ ਨੂੰ ਅਦਾਲਤ ਵੱਲੋਂ ਜਮਾਨਤ ਮਿਲੀ ਹੈ। ਜਿਸ ਨਾਲ ਇਹ ਸਿੱਧ ਹੁੰਦਾ ਹੈ ਕਿ ਚੰਨੀ ਸਰਕਾਰ ਵੀ ਇਸ ਮਾਮਲੇ ਵਿੱਚ ਪਿਛਲੀ ਸਰਕਾਰ ਦੀ ਤਰ੍ਹਾਂ ਪੰਜਾਬ ਵਾਸੀਆ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ ਅਜਿਹੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਇਸ ਮਾਮਲੇ ਨਾਲ ਜੁੜੇ ਸਮੁੱਚੇ ਅਧਿਕਾਰੀਆਂ ਨੂੰ ਆਪਣੇ ਅਹੁਦਿਆਂ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀ ਹੈ। ਢੀਂਡਸਾ ਨੇ ਮੁੱਖ ਮੰਤਰੀ ਸਮੇਤ ਸਮੁੱਚੀ ਸਰਕਾਰੀ ਮਸ਼ੀਨਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਵੀ ਸੁਮੇਧ ਸੈਣੀ ਨੂੰ ਸੁਰੱਖਿਅਤ ਲਾਂਘਾ ਦੇ ਦਿੱਤਾ ਗਿਆ ਹੈ ਅਤੇ ਸੁਮੇਧ ਸੈਣੀ ਖਿਲਾਫ਼ ਦਿਖਾਈ ਨਰਮੀ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਚੰਨੀ ਸਰਕਾਰ ਵਿੱਚ ਸਿੱਖ ਕੌਮ ਨੂੰ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਵਿੱਚ ਇਨਸਾਫ਼ ਮਿਲਣਾ ਮੁਸ਼ਕਲ ਹੈ।

- Advertisement -

 ਢੀਂਡਸਾ ਨੇ ਕਿਹਾ ਕਿ ਬਹਿਬਲ ਕਲਾਂ ਸਮੇਤ ਸੁਮੇਧ ਸੈਣੀ ਖਿਲਾਫ਼ ਜਿੰਨੇ ਵੀ ਨਵੇਂ-ਪੁਰਾਣੇ ਕੇਸ ਹਨ, ਜੇਕਰ ਸਰਕਾਰ ਨਿਰਪੱਖਤਾ ਅਤੇ ਠੋਸ ਇਰਾਦੇ ਨਾਲ ਕਾਰਵਾਈ ਕਰਦੀ ਤਾਂ ਸੁਮੇਧ ਸੈਣੀ ਕਦੋਂ ਦਾ ਸਲਾਖਾਂ ਪਿੱਛੇ ਹੁੰਦਾ।

ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਹਰੇਕ ਕੰਮ ਵਿੱਚ ਅਣਗਿਣਤ ਚੋਰ-ਮੋਰੀਆਂ ਰੱਖ ਕੇ ਸੈਣੀ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਸਰਕਾਰ ਵੱਲੋਂ ਲੋਕਾਂ ਅਤੇ ਕਾਨੂੰਨ ਨੂੰ ਗੁੰਮਰਾਹ ਕਰਦਿਆਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੇੱਹਦ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸੁਮੇਧ ਸੈਣੀ ਵਰਗਾ ਰਸੂਖਦਾਰ ਮੁਲਜ਼ਮ ਬਚ ਨਿਕਲਦਾ ਹੈ ਤਾਂ ਆਮ ਲੋਕਾਂ ਦੇ ਸਰਕਾਰੀ ਤੰਤਰ ਅਤੇ ਕਾਨੂੰਨ ਪ੍ਰਬੰਧਨ ਪ੍ਰਤੀ ਭਰੋਸੇ ਨੂੰ ਸੱਟ ਵੱਜਦੀ ਹੈ।

Share this Article
Leave a comment