ਚੰਡੀਗੜ੍ਹ: ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਸਾਈਕਲ ‘ਤੇ ਘੁੰਮ ਕੇ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਡੱਡੂਮਾਜਰਾ ਕਲੋਨੀ ਦੇ ਰਹਿਣ ਵਾਲੇ ਸੂਰਜ ਵਜੋਂ ਹੋਈ ਹੈ। ਉਸ ਨੂੰ ਸੈਕਟਰ-15 ਦੇ ਇੱਕ ਗਰਲਜ਼ ਪੀਜੀ ਨੇੜੇ ਕਾਬੂ ਕਰਕੇ ਬਾਅਦ ਵਿੱਚ ਸੈਕਟਰ-39 ਥਾਣਾ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਮੁਲਜ਼ਮ ਨੇ ਸੈਕਟਰ-16 ਅਤੇ ਸੈਕਟਰ-37 ਵਿੱਚ ਘਰਾਂ ਅਤੇ ਪੀਜੀ ਵਿੱਚ ਦਾਖਲ ਹੋ ਕੇ ਚਾਕੂ ਦੀ ਨੋਕ ‘ਤੇ ਕੁੜੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਕੀਤੀਆਂ। ਪੁਲਿਸ ਨੇ ਪਹਿਲਾਂ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਾਤ ਦੇ ਸਮੇਂ ਸਾਈਕਲ ‘ਤੇ ਘੁੰਮ ਕੇ ਇਲਾਕਿਆਂ ਦੀ ਰੇਕੀ ਕਰਦਾ ਸੀ। ਉਹ ਖਾਸ ਕਰਕੇ ਉਹਨਾਂ ਘਰਾਂ ਜਾਂ ਪੀਜੀ ਨੂੰ ਨਿਸ਼ਾਨਾ ਬਣਾਉਂਦਾ ਸੀ ਜਿੱਥੇ ਵਿਦਿਆਰਥਣਾਂ ਜਾਂ ਕੰਮਕਾਜੀ ਕੁੜੀਆਂ ਰਹਿੰਦੀਆਂ ਸਨ। ਜਿੱਥੇ ਦਰਵਾਜ਼ੇ ਖੁੱਲੇ ਜਾਂ ਕੁੰਡੀ ਠੀਕ ਤਰ੍ਹਾਂ ਬੰਦ ਨਾ ਹੁੰਦੀ, ਉਥੇ ਮੌਕਾ ਮਿਲਦੇ ਹੀ ਉਹ ਚੁੱਪਚਾਪ ਅੰਦਰ ਦਾਖਲ ਹੋ ਜਾਂਦਾ ਸੀ।
ਮੁਲਜ਼ਮ ਆਪਣੇ ਨਾਲ ਚਾਕੂ ਵੀ ਰੱਖਦਾ ਸੀ, ਜਿਸ ਨਾਲ ਉਹ ਵਿਰੋਧ ਕਰਨ ਵਾਲਿਆਂ ਨੂੰ ਡਰਾਉਂਦਾ ਸੀ। ਇਸ ਕਾਰਨ ਇਲਾਕੇ ਵਿੱਚ ਰਹਿ ਰਹੀਆਂ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕਈ ਟੀਮਾਂ ਬਣਾਈਆਂ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਦੀ ਹਰਕਤਾਂ ਨੂੰ ਟ੍ਰੇਸ ਕੀਤਾ। ਦਿਨ-ਰਾਤ ਤਲਾਸ਼ੀ ਮੁਹਿੰਮ ਚਲਾਈ ਗਈ।
ਆਖਿਰਕਾਰ ਐਤਵਾਰ ਅੱਧੀ ਰਾਤ ਨੂੰ ਸੈਕਟਰ-15 ਵਿੱਚ ਇੱਕ ਗਰਲਜ਼ ਪੀਜੀ ਦੇ ਨੇੜੇ ਮੁਲਜ਼ਮ ਫਿਰ ਸ਼ੱਕੀ ਹਾਲਤ ਵਿੱਚ ਨਜ਼ਰ ਆਇਆ। ਇੱਕ ਡਿਲਿਵਰੀ ਬੁਆਏ ਨੇ ਉਸ ਨੂੰ ਵੇਖ ਕੇ ਰੌਲਾ ਪਾਇਆ, ਜਿਸ ਨਾਲ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ।
ਪੁਲਿਸ ਮੁਤਾਬਕ, ਪਹਿਲੀ ਵਾਰਦਾਤ 13 ਮਈ ਦੀ ਰਾਤ ਸੈਕਟਰ-16 ਵਿੱਚ ਹੋਈ ਸੀ, ਜਦੋਂ ਮੁਲਜ਼ਮ ਇੱਕ ਪੀਜੀ ਵਿੱਚ ਦਾਖਲ ਹੋਇਆ ਅਤੇ ਇੱਕ ਲੜਕੀ ਨਾਲ ਛੇੜਛਾੜ ਕੀਤੀ। ਦੂਜੀ ਘਟਨਾ ਸਵੇਰੇ ਸੈਕਟਰ-37 ਵਿੱਚ ਵਾਪਰੀ, ਜਿੱਥੇ ਉਹ ਇੱਕ ਘਰ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਫਰਾਰ ਹੋ ਗਿਆ ਸੀ।

