ਚੰਡੀਗੜ੍ਹ: ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਹੁਣ ਰੰਗੀਨ ਲਾਈਟਾਂ ਲਗਾ ਕੇ ਫਲਾਂ ਤੇ ਸਬਜ਼ੀਆਂ ਨੂੰ ਵੱਧ ਤਾਜ਼ਾ ਦਿਖਾਉਣ ਵਾਲੇ ਵੈਂਡਰਾਂ ਦੀ ਖੈਰ ਨਹੀਂ। ਹਰੀ, ਪੀਲੀ, ਲਾਲ ਜਾਂ ਕਿਸੇ ਹੋਰ ਰੰਗ ਦੀ ਲਾਈਟ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਨਗਰ ਨਿਗਮ ਦੀ ਕਮੇਟੀ ਵੱਲੋਂ ਇਸ ਸਬੰਧੀ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਨੂੰ ਆਉਣ ਵਾਲੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਥਾਨਕ ਕਿਸਾਨਾਂ ਨੂੰ ਮੰਡੀ ਫੀਸ ਵਿੱਚ 50 ਫੀਸਦੀ ਛੋਟ ਦੇਣ ਦੀ ਤਜਵੀਜ਼ ਵੀ ਹੈ।
ਰੰਗੀਨ ਲਾਈਟਾਂ ਨਾਲ ਕੀ ਹੁੰਦਾ ਹੈ ਅਸਰ?
ਨਗਰ ਨਿਗਮ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੁਰਪ੍ਰੀਤ ਗਾਬੀ ਮੁਤਾਬਕ ਲੋਕ ਮੰਡੀਆਂ ਵਿੱਚ ਪੈਸੇ ਖਰਚ ਕੇ ਤਾਜ਼ੀਆਂ ਅਤੇ ਸਾਫ਼-ਸੁਥਰੀਆਂ ਸਬਜ਼ੀਆਂ ਤੇ ਫਲ ਖਰੀਦਣ ਆਉਂਦੇ ਹਨ। ਪਰ ਕੁਝ ਵੈਂਡਰ ਸਮਾਨ ਦੇ ਰੰਗ ਨੂੰ ਹੋਰ ਚਮਕਦਾਰ ਦਿਖਾਉਣ ਲਈ ਵੱਖ-ਵੱਖ ਰੰਗਾਂ ਦੀਆਂ ਲਾਈਟਾਂ ਲਗਾ ਦਿੰਦੇ ਹਨ।
ਉਨ੍ਹਾਂ ਮੁਤਾਬਕ ਸਬਜ਼ੀਆਂ ਉੱਪਰ ਹਰੀ ਲਾਈਟ ਅਤੇ ਫਲਾਂ ਉੱਪਰ ਪੀਲੀ ਜਾਂ ਲਾਲ ਲਾਈਟ ਲਗਾਉਣ ਨਾਲ ਗਾਹਕ ਨੂੰ ਉਤਪਾਦ ਅਸਲ ਨਾਲੋਂ ਵਧੀਆ ਨਜ਼ਰ ਆ ਸਕਦਾ ਹੈ। ਇਸ ਤਰ੍ਹਾਂ ਕੋਈ ਵਿਅਕਤੀ ਮੰਡੀ ਤੋਂ ਸਬਜ਼ੀ ਤਾਜ਼ੀ ਸਮਝ ਕੇ ਲੈ ਜਾਂਦਾ ਹੈ, ਪਰ ਘਰ ਪਹੁੰਚਣ ’ਤੇ ਉਸ ਦੀ ਅਸਲ ਹਾਲਤ ਸਾਹਮਣੇ ਆਉਂਦੀ ਹੈ। ਗਾਬੀ ਨੇ ਇਸ ਨੂੰ ਗਾਹਕ ਨਾਲ ਧੋਖਾਧੜੀ ਦੱਸਦਿਆਂ ਇਸ ’ਤੇ ਰੋਕ ਲਗਾਉਣ ਦੀ ਗੱਲ ਕਹੀ ਹੈ।
ਤਿੰਨ ਚਲਾਨ ਹੋਏ ਤਾਂ 6 ਮਹੀਨੇ ਲਈ ਲਾਇਸੈਂਸ ਸਸਪੈਂਡ
ਪ੍ਰਸਤਾਵ ਵਿੱਚ ਨਿਯਮ ਤੋੜਨ ਵਾਲੇ ਵੈਂਡਰਾਂ ਲਈ ਚਲਾਨ ਦੀ ਵਿਵਸਥਾ ਵੀ ਰੱਖੀ ਗਈ ਹੈ। ਜੇ ਕੋਈ ਵੈਂਡਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ। ਤਿੰਨ ਵਾਰ ਚਲਾਨ ਹੋਣ ਦੀ ਸੂਰਤ ਵਿੱਚ ਉਸ ਦਾ ਲਾਇਸੈਂਸ 6 ਮਹੀਨਿਆਂ ਲਈ ਸਸਪੈਂਡ ਕਰਨ ਦੀ ਤਜਵੀਜ਼ ਹੈ।
ਵੈਂਡਰਾਂ ਦੇ ਆਈਡੀ ਕਾਰਡ ਵਿੱਚ ਪਰਿਵਾਰ ਨਾਲ ਸਬੰਧਤ ਜਾਣਕਾਰੀ ਦੇ ਨਾਲ ਪੂਰਾ ਪਤਾ ਵੀ ਦਰਜ ਕਰਨ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਬੈਗ ਅਤੇ ਗੰਦਗੀ ਛੱਡਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਤਿਆਰੀ ਹੈ।
ਸਥਾਨਕ ਕਿਸਾਨਾਂ ਨੂੰ ਮੰਡੀ ਫੀਸ ਵਿੱਚ 50% ਛੋਟ
ਇਸ ਪ੍ਰਸਤਾਵ ਵਿੱਚ ਕਿਸਾਨਾਂ ਲਈ ਵੀ ਰਾਹਤ ਦਾ ਪ੍ਰਬੰਧ ਕੀਤਾ ਗਿਆ ਹੈ। ਸਥਾਨਕ ਕਿਸਾਨਾਂ ਨੂੰ ਮੰਡੀ ਵਿੱਚ ਲੱਗਣ ਵਾਲੀ ਫੀਸ ’ਤੇ 50 ਫੀਸਦੀ ਛੋਟ ਦੇਣ ਦੀ ਗੱਲ ਹੈ। ਇਹ ਲਾਭ ਉਨ੍ਹਾਂ ਕਿਸਾਨਾਂ ਨੂੰ ਮਿਲੇਗਾ, ਜਿਨ੍ਹਾਂ ਕੋਲ ਆਪਣੀ ਜ਼ਮੀਨ ਦੀ ਫ਼ਰਦ ਅਤੇ ਆਈਡੀ ਕਾਰਡ ਮੌਜੂਦ ਹੋਵੇਗਾ।
ਹੁਣ ਇਹ ਸਾਰੇ ਪ੍ਰਸਤਾਵ ਨਗਰ ਨਿਗਮ ਦੀ ਆਉਣ ਵਾਲੀ ਹਾਊਸ ਮੀਟਿੰਗ ਵਿੱਚ ਰੱਖੇ ਜਾਣਗੇ। ਮੀਟਿੰਗ ਤੋਂ ਬਾਅਦ ਹੀ ਇਨ੍ਹਾਂ ਪ੍ਰਸਤਾਵਾਂ ’ਤੇ ਅਗਲੀ ਕਾਰਵਾਈ ਦੀ ਸਥਿਤੀ ਸਪੱਸ਼ਟ ਹੋਵੇਗੀ।

