ਚੰਡੀਗੜ੍ਹ – ਚੰਡੀਗੜ੍ਹ ਪ੍ਰਸ਼ਾਸਨ ਨੇ ESMA (Essential Services Maintenance Act) ਹੇਠ ਕਾਰਵਾਈ ਕਰਦੇ ਹੋਏ ਬਿਜਲੀ ਕਾਮਿਆਂ ਦੀ ਜਥੇਬੰਦੀ ਦੇ ਲੀਡਰਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਮਿਲ ਰਹੀ ਜਾਣਕਾਰੀ ਮੁਤਾਬਕ ਸੂਦ ਧਰਮਸ਼ਾਲਾ ਵਿਖੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ ਇਲੈਕਟ੍ਰੀਸਿਟੀ ਇੰਪਲਾਈਜ਼ ਅਤੇ ਇੰਜਨੀਅਰਿੰਗ ਤੇ ਇਲੈਕਟ੍ਰੀਸਿਟੀ ਇੰਪਲਾਈਜ਼ ਫੈੱਡਰੇਸ਼ਨ ਆਫ ਇੰਡੀਆ ਦੇ ਲੀਡਰ ਪਹੁੰਚੇ ਜਿੱਥੇ ਬਾਅਦ ਵਿੱਚ ਹੋਰ ਲੀਡਰ ਤੇ ਕਾਮੇ ਵੀ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਇਕੱਤਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਕਾਰਵਾਈ ਕਰਦਿਆਂ ਲੀਡਰਾਂ ਨੂੰ ਹਿਰਾਸਤ ‘ਚ ਲੈਣਾ ਸ਼ੁਰੂ ਕਰ ਦਿੱਤਾ।
ਜੱਥੇਬੰਦੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਕੇ ਪ੍ਰਸ਼ਾਸਨ ਹੜਤਾਲ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ 400 ਦੇ ਕਰੀਬ ਬਾਹਰੋਂ ਲਿਆਏ (Outsourced) ਕਾਮਿਆਂ ਨੂੰ ਡਿਊਟੀ ਤੇ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਰੋਸ ਮੁਜ਼ਾਹਰਾ ਕਰ ਰਹੇ ਲੀਡਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਏਸਮਾ ਲਗਾ ਕੇ ਬਿਜਲੀ ਕਾਮਿਆਂ ਨੂੰ ਡਿਊਟੀ ਤੇ ਵਾਪਸ ਆਉਣ ਦੇ ਹੁਕਮ ਜਾਰੀ ਕੀਤੇ ਹਨ।
ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕਾਮਿਆਂ ਦੇ ਲੀਡਰ ਗੋਪਾਲ ਦੱਤ ਜੋਸ਼ੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਉਹ ਕਹਿ ਰਹੇ ਹਨ ਕਿ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਕਾਮੇ ਆਪਣੀ ਡਿਊਟੀ ਤੇ ਵਾਪਸ ਆ ਜਾਣ। ਪਰ ਇਸ ਵੀਡੀਓ ਤੇ ਬਿਜਲੀ ਮੀਡੀਆ ਦੇ ਸੰਗਠਨ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਲਿਸ ਨੇ ਜ਼ਬਰਨ ਬਣਵਾ ਕੇ ਜਾਰੀ ਕੀਤੀ ਹੈ।