ਚੰਡੀਗੜ੍ਹ: ਚੰਡੀਗੜ੍ਹ ਦੇ ਮੇਅਰ ਚੋਣ ਮਾਮਲੇ ਦੀ ਅੱਜ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਚੋਣ ਅਫ਼ਸਰ ਅਨਿਲ ਮਸੀਹ ਨੂੰ ਫਟਕਾਰ ਲਗਾਈ। ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਸੀਜੇਆਈ ਡੀਵਾਈ ਚੰਦਰਚੂੜ ਨੇ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੂੰ ਪੁੱਛਿਆ ਕਿ ਤੁਸੀਂ ਕੈਮਰੇ ਵੱਲ ਕਿਉਂ ਦੇਖ ਰਹੇ ਸੀ? ਇਸ ‘ਤੇ ਮਸੀਹ ਨੇ ਕਿਹਾ ਕਿ ਉਥੇ ਕਾਫੀ ਰੌਲਾ ਪੈ ਰਿਹਾ ਸੀ। ਕੌਂਸਲਰ ਕੈਮਰਾ-ਕੈਮਰਾ ਚੀਖ ਰਹੇ ਸਨ। ਤਾਂ ਮੈਂ ਉਧਰ ਦੇਖਿਆ ਕਿ ਕੀ ਗੱਲ ਹੈ।
CJI ਨੇ ਅਨਿਲ ਮਸੀਹ ਨੂੰ ਪੁੱਛਿਆ ਕਿ ਤੁਸੀਂ ਬੈਲਟ ਪੇਪਰ ਕਿਉਂ ਖ਼ਰਾਬ ਕਰ ਰਹੇ ਸੀ? ਇਸ ‘ਤੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਦਸਤਖ਼ਤ ਕਰ ਰਿਹਾ ਸੀ। ਇਸ ‘ਤੇ ਸੀਜੇਆਈ ਨੇ ਫਿਰ ਕਿਹਾ ਕਿ ਪਰ ਤੁਹਾਨੂੰ ਮਾਰਕ ਕਰਦੇ ਵੀ ਨਜ਼ਰ ਆ ਰਹੇ ਹੋ। ਜਿਸ ‘ਤੇ ਮਸੀਹ ਨੇ ਕਿਹਾ ਕਿ ਕਾਗਜ਼ਾਂ ਨਾਲ ਪਹਿਲਾਂ ਹੀ ਛੇੜਛਾੜ ਕੀਤੀ ਗਈ ਸੀ। ਮੈਂ ਉਨ੍ਹਾਂ ‘ਤੇ ਨਿਸ਼ਾਨ ਲਾ ਰਿਹਾ ਸੀ।
ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੁਬਾਰਾ ਕਰਵਾਉਣ ਦੀ ਬਜਾਏ ਨਵੀਂ ਵਿਵਸਥਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੌਜੂਦਾ ਬੈਲਟ ਪੇਪਰਾਂ ਦੀ ਗਿਣਤੀ ਕਰਕੇ ਕੀਤੀ ਜਾਵੇ। ਇਸ ਵਿੱਚ ਸਾਬਕਾ ਰਿਟਰਨਿੰਗ ਅਫ਼ਸਰ ਵੱਲੋਂ ਬੈਲਟ ਪੇਪਰਾਂ ’ਤੇ ਲਾਏ ਗਏ ਨਿਸ਼ਾਨਾਂ ਨੂੰ ਨਜ਼ਰਅੰਦਾਜ਼ ਕਰਕੇ ਗਿਣਤੀ ਕੀਤੀ ਜਾਵੇ। ਸੁਪਰੀਮ ਕੋਰਟ ਨੇ ਬੈਲਟ ਪੇਪਰ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਬੈਲਟ ਪੇਪਰ ਅਤੇ ਵੀਡੀਓਜ਼ ਅਦਾਲਤ ਵਿੱਚ ਲਿਆਉਣ ਲਈ ਇੱਕ ਨਿਆਂਇਕ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ।
ਸੁਪਰੀਮ ਕੋਰਟ ਨੇ ਪ੍ਰਸ਼ਾਸਨ ਨੂੰ ਨਿਆਂਇਕ ਅਧਿਕਾਰੀਆਂ ਅਤੇ ਰਿਕਾਰਡ ਦੀ ਸੁਰੱਖਿਆ ਲਈ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਮੰਗਲਵਾਰ ਨੂੰ ਦੁਪਹਿਰ 2 ਵਜੇ ਚੋਣਾਂ ਦੇ ਪੂਰੇ ਵੀਡੀਓ ਅਤੇ ਬੈਲਟ ਪੇਪਰਾਂ ਦੀ ਜਾਂਚ ਕਰੇਗੀ।