ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਲੰਗਰ’, ਲੋਕਾਂ ਨੂੰ ਮਿਲਣਗੇ ਮੁਫਤ ਕੂਪਨ

Global Team
2 Min Read

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਲੰਗਰ ਦੀ ਇੱਕ ਬਿਲਕੁਲ ਵੱਖਰੀ ਤਸਵੀਰ ਦੇਖਣ ਨੂੰ ਮਿਲੇਗੀ। ਇੱਥੇ ਲੋਕਾਂ ਨੂੰ ਖਾਣਾ ਖਵਾਉਣ ਦੀ ਥਾਂ ਉਨ੍ਹਾਂ ਦੀਆਂ ਗੱਡੀਆਂ ਵਿੱਚ ਮੁਫ਼ਤ ਪੈਟਰੋਲ ਪਵਾਇਆ ਜਾਵੇਗਾ। ਅੰਮ੍ਰਿਤਸਰ ਨਾਲ ਸਬੰਧਤ ਸਮਾਜ ਸੇਵੀ ਰਾਕੇਸ਼ ਤਰੇਹਨ, ਜੋ ‘ਰਾਜਾ ਦਿ ਕਿੰਗ’ ਦੇ ਨਾਂ ਨਾਲ ਜਾਣੇ ਜਾਂਦੇ ਹਨ, ਵੱਲੋਂ ਇਹ ‘ਪੈਟਰੋਲ ਲੰਗਰ’ ਲਗਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਉਪਰਾਲਾ ਅੱਜ ਸ਼ਾਮ 5 ਵਜੇ ਚੰਡੀਗੜ੍ਹ ਦੇ ਸੈਕਟਰ 7 ਅਤੇ ਸੈਕਟਰ 10 ਵਿੱਚ ਚੁਣੇ ਹੋਏ ਪੈਟਰੋਲ ਪੰਪਾਂ ’ਤੇ ਕੀਤਾ ਜਾਵੇਗਾ। ਇਸ ਦੌਰਾਨ ਉੱਥੇ ਪਹੁੰਚਣ ਵਾਲੇ ਲੋਕਾਂ ਨੂੰ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੇ ਪੈਟਰੋਲ ਕੂਪਨ ਦਿੱਤੇ ਜਾਣਗੇ। ਇਹ ਕੂਪਨ ਉਸੇ ਸਮੇਂ ਪੈਟਰੋਲ ਭਰਵਾਉਣ ਲਈ ਵਰਤੇ ਜਾ ਸਕਣਗੇ।

ਵਧਦੇ ਰੋਜ਼ਾਨਾ ਖ਼ਰਚਿਆਂ ਦੇ ਦੌਰ ਵਿੱਚ ਪੈਟਰੋਲ ਵਰਗੀ ਜ਼ਰੂਰੀ ਚੀਜ਼ ਮੁਫ਼ਤ ਦੇਣ ਦਾ ਇਹ ਉਪਰਾਲਾ ਚੰਡੀਗੜ੍ਹ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਹਿਲਾਂ ਲਾਇਆ ਸੀ ‘ਪੈਸਿਆਂ ਦਾ ਲੰਗਰ’

ਰਾਕੇਸ਼ ਤਰੇਹਨ ਵੱਲੋਂ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਸੈਕਟਰ 8 ਵਿੱਚ ‘ਪੈਸਿਆਂ ਦਾ ਲੰਗਰ’ ਲਗਾਇਆ ਗਿਆ ਸੀ। ਉਸ ਮੌਕੇ ਫਾਸਟ ਫੂਡ, ਜਿਸ ਵਿੱਚ ਮੈਕਡੋਨਲਡਜ਼ ਬਰਗਰ ਅਤੇ ਕੋਲਡ ਡ੍ਰਿੰਕਸ ਸ਼ਾਮਲ ਸਨ, ਦੇ ਨਾਲ ਲੋਕਾਂ ਨੂੰ 500-500 ਰੁਪਏ ਦੇ ਨਕਦ ਨੋਟ ਵੀ ਵੰਡੇ ਗਏ ਸਨ।

ਹੁਣ ਪੈਟਰੋਲ ਲੰਗਰ ਤੋਂ ਬਾਅਦ ਤਰੇਹਨ ਨੇ ਆਪਣੀ ਅਗਲੀ ਯੋਜਨਾ ਬਾਰੇ ਵੀ ਦੱਸਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅਗਲਾ ‘ਆਈਫੋਨ ਲੰਗਰ’ ਲਗਾਉਣ ਦੀ ਯੋਜਨਾ ਹੈ, ਜਿਸ ਵਿੱਚ ਲੋਕਾਂ ਨੂੰ ਮੁਫ਼ਤ ਆਈਫੋਨ ਵੰਡੇ ਜਾਣਗੇ।

ਕ੍ਰਿਪਟੋ ਦੀ ਕਮਾਈ ਨਾਲ ਸੇਵਾ ਕਰਨ ਦਾ ਦਾਅਵਾ

ਆਪਣੇ ਇਸ ਸਮਾਜ ਸੇਵੀ ਉਪਰਾਲੇ ਅਤੇ ਇਸ ਦੀ ਫੰਡਿੰਗ ਬਾਰੇ ਗੱਲ ਕਰਦਿਆਂ ਰਾਕੇਸ਼ ਤਰੇਹਨ ਨੇ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਅੰਮ੍ਰਿਤਸਰ ਦੇ ਟੈਕਸਟਾਈਲ ਕਾਰੋਬਾਰ ਨਾਲ ਜੁੜਿਆ ਹੈ। ਉਨ੍ਹਾਂ ਮੁਤਾਬਕ ਉਹ ਬਿਟਕੋਇਨ ਅਤੇ ਕ੍ਰਿਪਟੋਕਰੰਸੀ ਦੀ ਟਰੇਡਿੰਗ ਵੀ ਕਰਦੇ ਹਨ ਅਤੇ ਆਪਣੀ ਕ੍ਰਿਪਟੋ ਕਮਾਈ ਦਾ ਇੱਕ ਹਿੱਸਾ ਮਹਾਮਾਈ ਦੇ ਆਸ਼ੀਰਵਾਦ ਨਾਲ ਲੋਕਾਂ ਦੀ ਸੇਵਾ ਲਈ ਲਗਾ ਰਹੇ ਹਨ।

ਰਵਾਇਤੀ ਤੌਰ ’ਤੇ ਲੰਗਰ ਸਿੱਖ ਪਰੰਪਰਾ ਵਿੱਚ ਮੁਫ਼ਤ ਭੋਜਨ ਨਾਲ ਜੁੜਿਆ ਹੁੰਦਾ ਹੈ। ਪਰ ਪੈਸਿਆਂ ਤੋਂ ਬਾਅਦ ਪੈਟਰੋਲ ਅਤੇ ਹੁਣ ਆਈਫੋਨ ਦੇ ਲੰਗਰ ਦੀ ਗੱਲ ਨੇ ਇਸ ਅਨੋਖੇ ਸੰਕਲਪ ਨੂੰ ਚੰਡੀਗੜ੍ਹ ਦੇ ਲੋਕਾਂ ਅਤੇ ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।

Share This Article
Leave a Comment