ਚੰਡੀਗੜ੍ਹ ‘ਚ ‘ਧੁਰੰਧਰ’ ਫਿਲਮ ਪ੍ਰੋਡਕਸ਼ਨ ਨਾਲ ਜੁੜੇ ਵਿਅਕਤੀ ‘ਤੇ ਜਬਰ-ਜਨਾਹ ਦੇ ਦੋਸ਼, ਕੇਸ ਦਰਜ; ਲੜਕੀ ਨੇ ਲਗਾਏ ਗੰਭੀਰ ਇਲਜ਼ਾਮ

Global Team
3 Min Read

ਚੰਡੀਗੜ੍ਹ: ਫਿਲਮ ‘ਧੁਰੰਧਰ’ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੈਨੀ ਐੱਸ. ਜੋਹਰੇ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-17 ਥਾਣੇ ਵਿੱਚ ਇੱਕ ਲੜਕੀ ਦੀ ਸ਼ਿਕਾਇਤ ’ਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਨੇ ਉਸ ਨੂੰ ਇੱਕ ਫਾਈਵ ਸਟਾਰ ਹੋਟਲ ਵਿੱਚ ਬੁਲਾਇਆ, ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਉੱਥੋਂ ਜਾਣ ਨਹੀਂ ਦਿੱਤਾ ਗਿਆ।

ਪੁਲਿਸ ਮੁਤਾਬਕ, 20 ਅਪ੍ਰੈਲ ਨੂੰ ਲੜਕੀ ਨੇ ਸੈਕਟਰ-17 ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਜਾਂਚ ਮਗਰੋਂ 21 ਅਪ੍ਰੈਲ 2026 ਨੂੰ  BNS ਦੀਆਂ ਧਾਰਾਵਾਂ 74, 79, 123 ਅਤੇ 126(2) ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦਾ ਖੁਲਾਸਾ ਸੋਮਵਾਰ ਦੇਰ ਸ਼ਾਮ ਹੋਇਆ। FIR ਦਰਜ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਪਰ ਬਾਅਦ ਵਿੱਚ ਉਸ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ।

ਹੋਟਲ ਵਿੱਚ ਬੁਲਾਉਣ ਅਤੇ ਨਸ਼ੀਲਾ ਪਦਾਰਥ ਮਿਲਾਉਣ ਦੇ ਦੋਸ਼

ਸ਼ਿਕਾਇਤ ਵਿੱਚ ਲੜਕੀ ਨੇ ਦੱਸਿਆ ਕਿ ਸਾਲ 2025 ਦੌਰਾਨ ਉਹ ਚੰਡੀਗੜ੍ਹ ਦੇ ਸੈਕਟਰ-10 ਸਥਿਤ ਗਵਰਨਮੈਂਟ ਕਾਲਜ ਆਫ਼ ਆਰਟ ਵਿੱਚ ਪੜ੍ਹਾਈ ਕਰ ਰਹੀ ਸੀ। ਇਸੇ ਦੌਰਾਨ ਇੱਕ ਅਧਿਆਪਕ ਰਾਹੀਂ ਉਸ ਦਾ ਬਾਇਓਡਾਟਾ ‘ਧੁਰੰਧਰ’ ਫਿਲਮ ਦੀ ਟੀਮ ਤੱਕ ਪਹੁੰਚਿਆ। ਇਸ ਤੋਂ ਬਾਅਦ 2 ਸਤੰਬਰ 2025 ਨੂੰ ਉਸ ਨੂੰ ਅਸਿਸਟੈਂਟ ਆਰਟ ਡਾਇਰੈਕਟਰ ਵਜੋਂ ਪ੍ਰੋਜੈਕਟ ਨਾਲ ਜੋੜਿਆ ਗਿਆ। ਲੜਕੀ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਆਪਣੇ ਆਪ ਨੂੰ ਉਸ ਦਾ ਮੈਂਟੋਰ ਦੱਸਿਆ ਸੀ।

ਉਸ ਮੁਤਾਬਕ, ਕੰਮ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਉਸ ਨੂੰ ਕੰਮ ਸਬੰਧੀ ਚਰਚਾ ਲਈ ਸੈਕਟਰ-17 ਦੇ ਇੱਕ ਹੋਟਲ ਦੇ ਕਮਰੇ ਵਿੱਚ ਬੁਲਾਇਆ ਗਿਆ। ਸ਼ੁਰੂ ਵਿੱਚ ਉਸ ਨੂੰ ਲੱਗਿਆ ਕਿ ਇਹ ਟੀਮ ਮੀਟਿੰਗ ਹੋਵੇਗੀ, ਪਰ ਉੱਥੇ ਹੋਰ ਕੋਈ ਮੈਂਬਰ ਮੌਜੂਦ ਨਹੀਂ ਸੀ।

ਸ਼ਿਕਾਇਤ ਵਿੱਚ ਲਗਾਏ ਗਏ ਗੰਭੀਰ ਦੋਸ਼

ਲੜਕੀ ਨੇ ਦੋਸ਼ ਲਾਇਆ ਕਿ 10 ਸਤੰਬਰ 2025 ਦੀ ਰਾਤ ਹੋਟਲ ਪਹੁੰਚਣ ’ਤੇ ਉਸ ਉੱਤੇ ਸ਼ਰਾਬ ਪੀਣ ਲਈ ਦਬਾਅ ਬਣਾਇਆ ਗਿਆ। ਡਰਿੰਕ ਪੀਣ ਤੋਂ ਕੁਝ ਮਿੰਟਾਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਅਤੇ ਉਸ ਦੀ ਸਿਹਤ ਵਿਗੜ ਗਈ। ਉਸ ਦਾ ਕਹਿਣਾ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਡਾਂਸ ਸਿਖਾਉਣ ਦੇ ਬਹਾਨੇ ਗਲਤ ਹਰਕਤਾਂ ਕੀਤੀਆਂ।

ਸ਼ਿਕਾਇਤ ਅਨੁਸਾਰ, ਉਸ ਦੀ ਸਿਹਤ ਹੋਰ ਖਰਾਬ ਹੋ ਗਈ ਅਤੇ ਉਸ ਨੂੰ ਕਈ ਵਾਰ ਉਲਟੀਆਂ ਵੀ ਹੋਈਆਂ। ਇਸ ਦੇ ਬਾਵਜੂਦ ਉਸ ਨੂੰ ਕਮਰੇ ਤੋਂ ਜਾਣ ਨਹੀਂ ਦਿੱਤਾ ਗਿਆ ਅਤੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Share This Article
Leave a Comment