ਚੰਡੀਗੜ੍ਹ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ! ਹਰਿਆਣਾ ਦਾ ਗੋਲੂ ਗੋਹਾਨਾ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ

Global Team
2 Min Read

ਚੰਡੀਗੜ੍ਹ : ਚੰਡੀਗੜ੍ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਵਾਂਟੇਡ ਗੈਂਗਸਟਰ ਗੋਲੂ ਗੋਹਾਨਾ ਦਾ ਐਨਕਾਊਂਟਰ ਕਰਕੇ ਗ੍ਰਿਫ਼ਤਾਰ ਕਰਨ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਨਾਮੀ ਬਦਮਾਸ਼ ਗੋਲੂ ਗੋਹਾਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ।

ਮੁਕਾਬਲੇ ਦੌਰਾਨ ਲੱਤ ਵਿੱਚ ਗੋਲੀ ਲੱਗਣ ਕਾਰਨ ਬਦਮਾਸ਼ ਗੋਲੂ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲੂ ਹਥਿਆਰਾਂ ਦੀ ਸਪਲਾਈ ਕਰਨ ਦਾ ਕੰਮ ਕਰਦਾ ਸੀ।

ਦੱਸ ਦਈਏ ਕਿ ਮੁਲਜ਼ਮ ਬਦਮਾਸ਼ ਚੰਡੀਗੜ੍ਹ ਵਿੱਚ ਆਪਣੇ ਕਿਸੇ ਨਜ਼ਦੀਕੀ ਦੇ ਘਰ ਆਇਆ ਹੋਇਆ ਸੀ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਚੰਡੀਗੜ੍ਹ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਚ ਸੀ । ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸੈਕਟਰ-25 ਦੇ ਰੈਲੀ ਗਰਾਊਂਡ ਨੇੜੇ ਘੇਰ ਲਿਆ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ।ਮੁਲਜ਼ਮ ਵੱਲੋਂ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਵੀ ਐਕਸ਼ਨ ਵਿੱਚ ਆ ਗਈ। ਪੁਲਿਸ ਨੇ ਬਚਾਅ ਵਿੱਚ ਫਾਇਰਿੰਗ ਕੀਤੀ। ਦੋਵਾਂ ਪਾਸਿਆਂ ਤੋਂ ਕਰੀਬ 5 ਰਾਊਂਡ ਫਾਇਰਿੰਗ ਹੋਈ, ਜਿਸ ਵਿੱਚੋਂ 3 ਰਾਊਂਡ ਬਦਮਾਸ਼ ਨੇ ਅਤੇ 2 ਰਾਊਂਡ ਪੁਲਿਸ ਨੇ ਫਾਇਰ ਕੀਤੇ।

ਇਸ ਦੌਰਾਨ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਕੋਲੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਹਰਿਆਣਾ ਦਾ ਬਦਮਾਸ਼ ਹੈ ਅਤੇ ਉਹ ਚੰਡੀਗੜ੍ਹ ਪੁਲਿਸ ਨੂੰ ਵੀ ਲੋੜੀਂਦਾ (ਵਾਂਟੇਡ) ਸੀ। ਗੋਲੂ ਗੋਹਾਨਾ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦਾ ਸੀ। ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਅਤੇ ਹਰਿਆਣਾ ਵਿੱਚ ਸਪਲਾਈ ਕਰਦਾ ਸੀ। ਚੰਡੀਗੜ੍ਹ ਦੇ ਥਾਣਾ ਮਲੋਆ ਵਿੱਚ ਉਸਦੇ ਖਿਲਾਫ ਸਾਲ 2021 ਵਿੱਚ ਹਥਿਆਰਾਂ ਦੀ ਤਸਕਰੀ ਦਾ ਇੱਕ ਮਾਮਲਾ ਦਰਜ ਹੋਇਆ ਸੀ।

ਉਦੋਂ ਤੋਂ ਹੀ ਚੰਡੀਗੜ੍ਹ ਪੁਲਿਸ ਨੂੰ ਇਸ ਦੀ ਤਲਾਸ਼ ਸੀ। ਪੁਲਿਸ ਨੇ ਉਸ ਨੂੰ ਭਗੌੜਾ (ਪੀ.ਓ.) ਐਲਾਨਿਆ ਹੋਇਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਜਲਦੀ ਹੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

 

Share This Article
Leave a Comment