ਚੰਡੀਗੜ੍ਹ: ਦੇਸ਼ ਭਰ ਵਿੱਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਚੰਡੀਗੜ੍ਹ ਦੇ ਲਈ ਇੱਕ ਬਹੁਤ ਹੀ ਦੁਖਦ ਖਬਰ ਹੈ। ਸ਼ਨੀਵਾਰ ਸਵੇਰ 4 ਵਜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਬੀਰ ਆਨੰਦ ਦਾ ਦਿਹਾਂਤ ਹੋ ਗਿਆ। ਉਹ ਕਰੋਨਾ ਵਾਇਰਸ ਦੇ ਨਾਲ ਪੀੜਤ ਸਨ।
31 ਅਗਸਤ ਨੂੰ ਸੈਕਟਰ 19 ਸਥਿਤ ਸਿੱਖਿਆ ਅਧਿਕਾਰੀ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਉਨ੍ਹਾਂ ਦੇ ਆਫਿਸ ਵਿੱਚ ਇੱਕ ਪੀਏ ਕੋਰੋਨਾ ਪਾਜ਼ਿਟਿਵ ਆਈ ਸੀ। ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਬੀਰ ਨੂੰ ਇੱਕ ਸਤੰਬਰ ਨੂੰ ਬੁਖਾਰ ਦੀ ਸ਼ਿਕਾਇਤ ਹੋਣ ਕਾਰਨ ਘਰ ਵਿੱਚ ਹੀ ਇਕਾਂਤਵਾਸ ਦਿੱਤਾ ਗਿਆ। ਚਾਰ ਸਤੰਬਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ, ਪੰਜ ਸਤੰਬਰ ਸਵੇਰੇ 4 ਵਜੇ ਉਨ੍ਹਾਂ ਦਾ ਦੇਹਾਂਤ ਹੋਣ ਦੀ ਸੂਚਨਾ ਮਿਲੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਬੀਰ ਆਨੰਦ 30 ਸਤੰਬਰ ਨੂੰ ਰਿਟਾਇਰ ਹੋਣ ਵਾਲੇ ਸਨ ਤੇ ਅਗਸਤ ‘ਚ ਉਨ੍ਹਾਂ ਨੂੰ ਡੀਓ ਦਾ ਚਾਰਜ ਮਿਲਿਆ ਸੀ। ਇਸ ਤੋਂ ਪਹਿਲਾਂ ਉਹ ਲੰਬੇ ਸਮੇਂ ਤੱਕ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10 ਵਿੱਚ ਪ੍ਰਿੰਸੀਪਲ ਵੀ ਰਹੇ ਸਨ।