ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! 23 ਹੋਰ ਲੋਕ ਅੱਤਵਾਦੀ ਐਲਾਨੇ, ਲਿਸਟ ‘ਚ ਜੰਮੂ-ਕਸ਼ਮੀਰ ਦੇ ਵਾਸੀ ਵੀ ਸ਼ਾਮਲ!

Global Team
3 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਤਵਾਦ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 23 ਹੋਰ ਵਿਅਕਤੀਆਂ ਨੂੰ ਅਧਿਕਾਰਕ ਤੌਰ ‘ਤੇ ਅੱਤਵਾਦੀ ਐਲਾਨ ਦਿੱਤਾ ਹੈ। ਇਨ੍ਹਾਂ ਦੇ ਨਾਮ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ UAPA ਦੀ ਚੌਥੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਨਵੇਂ ਫੈਸਲੇ ਤੋਂ ਬਾਅਦ ਸਰਕਾਰ ਵੱਲੋਂ ਐਲਾਨੇ ਅੱਤਵਾਦੀਆਂ ਦੀ ਕੁੱਲ ਗਿਣਤੀ ਵੱਧ ਕੇ 80 ਹੋ ਗਈ ਹੈ।

ਗ੍ਰਹਿ ਮੰਤਰਾਲੇ ਮੁਤਾਬਕ ਇਹ ਸਾਰੇ ਵਿਅਕਤੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਜਿਵੇਂ ਜੈਸ਼-ਏ-ਮੁਹੰਮਦ (JeM), ਲਸ਼ਕਰ-ਏ-ਤੋਇਬਾ (LeT), ਦ ਰਜ਼ਿਸਟੈਂਸ ਫਰੰਟ (TRF) ਅਤੇ ਜਮਾਤ-ਉਦ-ਦਾਵਾ (JuD) ਨਾਲ ਜੁੜੇ ਹੋਏ ਹਨ। ਉਨ੍ਹਾਂ ‘ਤੇ ਅੱਤਵਾਦੀਆਂ ਦੀ ਭਰਤੀ, ਭਾਰਤ ਵਿੱਚ ਘੁਸਪੈਠ, ਅੱਤਵਾਦੀ ਹਮਲਿਆਂ ਦੀ ਸਾਜ਼ਿਸ਼, ਫੰਡਿੰਗ, ਹਥਿਆਰਾਂ ਦੀ ਸਪਲਾਈ ਅਤੇ ਹੋਰ ਲਾਜਿਸਟਿਕ ਮਦਦ ਦੇ ਦੋਸ਼ ਹਨ।

ਸਰਕਾਰ ਵੱਲੋਂ ਜਾਰੀ ਸੂਚੀ ਵਿੱਚ ਸ਼ਾਮਲ 23 ਵਿੱਚੋਂ 6 ਵਿਅਕਤੀ ਜੰਮੂ-ਕਸ਼ਮੀਰ ਦੇ ਮੂਲ ਨਿਵਾਸੀ ਹਨ, ਜਦਕਿ 17 ਪਾਕਿਸਤਾਨ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 7 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਅਤੇ 10 ਪਾਕਿਸਤਾਨ ਵਿੱਚ ਰਹਿ ਰਹੇ ਹਨ।

ਸਰਕਾਰੀ ਜਾਣਕਾਰੀ ਅਨੁਸਾਰ, ਸੂਚੀ ਵਿੱਚ ਸ਼ਾਮਲ ਕੁਝ ਜੈਸ਼ ਨਾਲ ਜੁੜੇ ਅੱਤਵਾਦੀਆਂ ਦਾ ਨਾਮ 2016 ਦੇ ਨਗਰੋਟਾ ਆਰਮੀ ਕੈਂਪ ਹਮਲੇ ਅਤੇ 2022 ਦੇ ਸੁੰਜਵਾਂ ਹਮਲੇ ਨਾਲ ਵੀ ਜੋੜਿਆ ਜਾਂਦਾ ਹੈ। ਨਗਰੋਟਾ ਹਮਲੇ ਵਿੱਚ ਸੱਤ ਭਾਰਤੀ ਜਵਾਨ ਸ਼ਹੀਦ ਹੋਏ ਸਨ, ਜਦਕਿ ਸੁੰਜਵਾਂ ਹਮਲੇ ਵਿੱਚ ਇੱਕ CISF ਜਵਾਨ ਨੇ ਜਾਨ ਗੁਆਈ ਸੀ।

ਸਾਲ 2019 ਵਿੱਚ UAPA ਵਿੱਚ ਸੋਧ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਮਿਲਿਆ ਸੀ ਕਿ ਉਹ ਸਿਰਫ਼ ਸੰਗਠਨਾਂ ਹੀ ਨਹੀਂ, ਸਗੋਂ ਕਿਸੇ ਵਿਅਕਤੀ ਨੂੰ ਵੀ ਸਿੱਧੇ ਤੌਰ ‘ਤੇ ਅੱਤਵਾਦੀ ਐਲਾਨ ਕਰ ਸਕਦੀ ਹੈ।

ਕਿਸੇ ਵਿਅਕਤੀ ਨੂੰ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਉਸ ਦੀ ਸੰਪਤੀ ਜ਼ਬਤ ਜਾਂ ਫ੍ਰੀਜ਼ ਕੀਤੀ ਜਾ ਸਕਦੀ ਹੈ, ਵਿੱਤੀ ਲੈਣ-ਦੇਣ ‘ਤੇ ਨਿਗਰਾਨੀ ਰੱਖੀ ਜਾਂਦੀ ਹੈ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਰ ਤੇਜ਼ ਕੀਤੀ ਜਾ ਸਕਦੀ ਹੈ। ਇਹ ਕਦਮ ਸਰਕਾਰ ਵੱਲੋਂ ਅੱਤਵਾਦੀ ਨੈੱਟਵਰਕਾਂ ਦੀ ਵਿੱਤੀ ਅਤੇ ਸੰਚਾਲਕੀ ਸਮਰੱਥਾ ਨੂੰ ਕਮਜ਼ੋਰ ਕਰਨ ਦੀ ਮੁਹਿੰਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment