ਬਠਿੰਡਾ: ਕੇਂਦਰ ਸਰਕਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਰੇਲਵੇ ਸੰਪਰਕ ਨਾਲ ਜੋੜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸੰਬੰਧੀ ਬਠਿੰਡਾ ਪੁੱਜੇ ਰੇਲਵੇ ਰਾਜ ਮੰਤਰੀ ਰਨਵੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ, ਪਵਿੱਤਰ ਧਰਤੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਲਈ ਰੇਲਵੇ ਲਿੰਕ ਨੂੰ ਮਨਜ਼ੂਰੀ ਮਿਲਣ ਨਾਲ ਅੱਜ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਬਠਿੰਡਾ ਵਿਖੇ ਐਲਾਨ ਕੀਤਾ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਰੇਲਵੇ ਲਾਈਨ ਬਣਾਉਣ ਬਾਰੇ ਨਹੀਂ ਹੈ, ਇਹ ਪੰਜਾਬ ਲਈ ਆਸਥਾ, ਮਾਣ ਅਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਨਸਾਫ਼ ਦਾ ਪ੍ਰਤੀਕ ਹੈ। ਇਸ ਵਿਕਾਸ ਦੇ ਨਾਲ ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਬਾਕੀ ਚਾਰ ਤਖ਼ਤਾਂ ਨਾਲ ਰੇਲ ਰਾਹੀਂ ਜੁੜ ਜਾਵੇਗਾ, ਜੋ ਧਾਰਮਿਕ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।
ਦੱਸ ਦਈਏ ਕਿ ਇਸ 42.9 ਕਿਲੋਮੀਟਰ ਲੰਬੇ ਪ੍ਰੋਜੈਕਟ ‘ਤੇ 1118.47 ਕਰੋੜ ਦੀ ਲਾਗਤ ਆਵੇਗੀ, ਜਿਸ ਦੀ ਔਸਤ ਲਾਗਤ ₹26.07 ਕਰੋੜ ਪ੍ਰਤੀ ਕਿਲੋਮੀਟਰ ਹੋਵੇਗੀ। ਇਹ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਲਈ 192.42 ਹੈਕਟੇਅਰ ਜ਼ਮੀਨ ਦੀ ਲੋੜ ਹੈ। ਪ੍ਰੋਜੈਕਟ ਵਿੱਚ 6 ਸਟੇਸ਼ਨ ਸ਼ਾਮਲ ਹੋਣਗੇ (2 ਮੌਜੂਦਾ ਅਤੇ 4 ਨਵੇਂ: ਲਾਲੇਆਣਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਕਮਾਲੂ ਸਵੈਚ ਅਤੇ ਕਮਾਲੂ ਸਵੈਚ ਵਿਖੇ ਇੱਕ ਜੰਕਸ਼ਨ ਕੈਬਿਨ)। ਇਹ ਰੇਲ ਲਿੰਕ ਪੂਰੀ ਤਰ੍ਹਾਂ ਲੈਵਲ ਕਰਾਸਿੰਗ ਮੁਕਤ (ਫਾਟਕ ਰਹਿਤ) ਹੋਵੇਗਾ। ਇਸ ਵਿੱਚ 2 ਵੱਡੇ ਪੁਲ, 56 ਛੋਟੇ ਪੁਲ ਅਤੇ 55 ਰੋਡ ਅੰਡਰ ਬ੍ਰਿਜ (RUBs) ਬਣਾਏ ਜਾਣਗੇ। ਇਸ ਤੋਂ ਇਲਾਵਾ, ਇਹ 2×25 KV ਇਲੈਕਟ੍ਰਿਕ ਟ੍ਰੈਕਸ਼ਨ ਅਤੇ ਉੱਨਤ MACLS-III ਸਿਗਨਲ ਸਿਸਟਮ ਨਾਲ ਲੈਸ ਹੋਵੇਗਾ।
ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਦਹਾਕਿਆਂ ਤੱਕ ਚੱਲੇ ਸ਼ਾਸਨ ਦੇ ਬਾਵਜੂਦ, ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਸਿੱਖ ਵਿਰਾਸਤ ਦੇ ਸਨਮਾਨ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਿਆਸੀ ਲਾਹੇ ਲਈ ਲੋਕਾਂ ਦੀਆਂ ਭਾਵਨਾਵਾਂ ਅਤੇ ਧਰਮ ਦੀ ਵਰਤੋਂ ਤਾਂ ਕੀਤੀ, ਪਰ ਪੰਜੇ ਤਖ਼ਤਾਂ ਨੂੰ ਰੇਲ ਰਾਹੀਂ ਜੋੜਨ ਵਰਗੇ ਠੋਸ ਨਤੀਜੇ ਦੇਣ ਵਿੱਚ ਅਸਫਲ ਰਹੀਆਂ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੇ ਵਿਕਾਸ ਰਾਹੀਂ ਸਿੱਖ ਆਸਥਾ ਦਾ ਸਨਮਾਨ ਕਰਨ ਲਈ ਠੋਸ ਕਦਮ ਚੁੱਕੇ ਹਨ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ।

